ਭੁਬਨੇਸ਼ਵਰ:ਉੜੀਸਾ ਦੀ ਚਰਚਿਤ ਫਿਲਮੀ ਗਾਇਕਾ ਤਪੂ ਮਿਸ਼ਰਾ (36) ਦੀ ਕਰੋਨਾ ਤੋਂ ਬਾਅਦ ਹੋਈਆਂ ਸਮੱਸਿਆਵਾਂ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਕਰੋਨਾ ਤੋਂ ਪੀੜਤ ਸੀ ਤੇ ਉਸ ਦਾ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਕਰੋਨਾ ਕਾਰਨ ਲੰਘੀ 10 ਮਈ ਨੂੰ ਗਾਇਕਾ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ। ਗਾਇਕਾ ਨੇ ਸ਼ਨਿਚਰਵਾਰ ਰਾਤ ਨੂੰ ਆਖ਼ਰੀ ਸਾਹ ਲਿਆ। ਉਸ ਦਾ ਆਕਸੀਜਨ ਦਾ ਪੱਧਰ 45 ’ਤੇ ਆ ਜਾਣ ਕਾਰਨ ਪਿਛਲੇ ਦੋ ਦਿਨ ਤੋਂ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਸੂਤਰਾਂ ਅਨੁਸਾਰ ਹਸਪਤਾਲ ਵਿਚ ਦਾਖ਼ਲ ਕਰਵਾਉਣ ਤਕ ਬਿਮਾਰੀ ਕਾਰਨ ਉਸ ਦੇ ਫੇਫੜਿਆਂ ਨੂੰ ਵੀ ਨੁਕਸਾਨ ਪੁੱਜ ਚੁੱਕਾ ਸੀ। ਉਸ ਦੇ ਇਲਾਜ ਲਈ ਸੂਬੇ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਇੱਕ ਲੱਖ ਰੁਪਏ ਦਿੱਤੇ ਗਏ ਸਨ। ਉੜੀਸਾ ਫਿਲਮ ਸਨਅਤ ਵੱਲੋਂ ਵੀ ਗਾਇਕਾ ਦੇ ਇਲਾਜ ਲਈ ਫੰਡ ਇਕੱਤਰ ਕੀਤਾ ਜਾ ਰਿਹਾ ਸੀ। ਆਪਣੇ ਦੋ ਦਹਾਕੇ ਦੇ ਕਰੀਅਰ ਵਿਚ ਗਾਇਕਾ ਨੇ 150 ਫਿਲਮਾਂ ਵਿਚ ਆਪਣੀ ਆਵਾਜ਼ ਦੇਣ ਸਣੇ ਕਈ ਭਜਨ ਵੀ ਗਾਏ। ਸੂਬੇ ਦੇ ਮੁੱਖ ਮੰਤਰੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।