ਕੋਲਕਾਤਾ:ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਅੱਜ ਇਥੋਂ ਦੇ ਨਿੱਜੀ ਹਸਪਤਾਲ ਵਿਚ ਐਂਜੀਓਪਲਾਸਟੀ ਕੀਤੀ ਗਈ। ਇਸ ਤੋਂ ਪਹਿਲਾਂ ਅੱਜ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਦੇ ਮੈਡੀਕਲ ਟੈਸਟ ਕੀਤੇ ਗਏ। ਗਾਂਗੁਲੀ ਨੂੰ ਘਬਰਾਹਟ ਹੋਣ ’ਤੇ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਦਿਲ ਰੋਗਾਂ ਦੇ ਮਾਹਿਰ ਡਾਕਟਰ ਦੇਵੀ ਸ਼ੈਟੀ ਨੇ ਗਾਂਗੁਲੀ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਗੱਲਬਾਤ ਕੀਤੀ ਤੇ ਐਂਜੀਓਪਲਾਸਟੀ ਕਰਵਾਉਣ ਦਾ ਫੈਸਲਾ ਕੀਤਾ। ਗਾਂਗੁਲੀ ਦਾ ਇਲਾਜ ਕਰ ਰਹੀ ਡਾਕਟਰਾਂ ਦੀ ਟੀਮ ਦੇ ਮੈਂਬਰ ਨੇ ਦੱਸਿਆ ਕਿ ਗਾਂਗੁਲੀ ਦੇ ਦੋ ਸਟੈਂਟ ਪਾਏ ਗਏ ਤੇ ਉਸ ਦੀ ਹਾਲਤ ਸਥਿਰ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਸਵੇਰੇ ਫੋਨ ਕਰ ਕੇ ਗਾਂਗੁਲੀ ਦਾ ਹਾਲ ਚਾਲ ਪੁੱਛਿਆ। ਇਸ ਤੋਂ ਇਲਾਵਾ ਮਾਕਪਾ ਦੇ ਸੀਨੀਅਰ ਆਗੂ ਅਸ਼ੋਕ ਭੱਟਾਚਾਰੀਆ ਵੀ ਗਾਂਗੁਲੀ ਦੀ ਮਿਜ਼ਾਜਪੁਰਸ਼ੀ ਲਈ ਹਸਪਤਾਲ ਪੁੱਜੇ।