ਇਸਲਾਮਾਬਾਦ, 12 ਮਾਰਚ

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਅੱਜ ਕਿਹਾ ਕਿ ਉਹ ‘ਗ਼ਲਤੀ ਨਾਲ ਚੱਲੀ ਮਿਜ਼ਾਈਲ’ ਮਾਮਲੇ ਵਿੱਚ ਭਾਰਤ ਵੱਲੋਂ ਦਿੱਤੀ ‘ਸਾਧਾਰਨ ਸਫ਼ਾਈ’ ਤੋਂ ਸੰਤੁਸ਼ਟ ਨਹੀਂ ਹੈ। ਪਾਕਿਸਤਾਨ ਨੇ ਮੰਗ ਕੀਤੀ ਕਿ ਇਸ ਘਟਨਾ ਨਾਲ ਜੁੜੇ ਤੱਥਾਂ ਦੀ ਘੋਖ ਲਈ ਸਾਂਝੀ ਜਾਂਚ ਕੀਤੀ ਜਾਵੇ। ਦੱਸ ਦੇਈਏ ਕਿ 9 ਮਾਰਚ ਨੂੰ ਭਾਰਤ ਵੱਲੋਂ ਛੱਡੀ ਇਕ ਮਿਜ਼ਾਈਲ ‘ਤਕਨੀਕੀ ਨੁਕਸ’ ਕਰਕੇ ਪਾਕਿਸਤਾਨੀ ਪੰਜਾਬ ਵਾਲੇ ਪਾਸੇ ਜਾ ਡਿੱਗੀ ਸੀ। ਭਾਰਤ ਨੇ ਲੰਘੇ ਦਿਨ ਇਕ ਬਿਆਨ ਵਿੱਚ ਇਸ ਘਟਨਾ ’ਤੇ ਅਫਸੋਸ ਜ਼ਾਹਿਰ ਕਰਦਿਆਂ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਕੋਰਟ ਆਫ ਇਨਕੁਆਇਰੀ ਕਰਵਾਉਣ ਦਾ ਐਲਾਨ ਕੀਤਾ ਸੀ।