ਜੈਪੁਰ, 28 ਮਈ
ਕਾਂਗਰਸ ਹਾਈ ਕਮਾਂਡ ਨੇ ਕਰਨਾਟਕ ਵਿੱਚ ਸਿੱਧਾਰਮਈਆ ਅਤੇ ਡੀ ਕੇ ਸ਼ਿਵਕੁਮਾਰ ਨੂੰ ਇਕੱਠੇ ਕਰਨ ਦੀ ਮਿਲੀ ਸਫ਼ਲਤਾ ਮਗਰੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਨ੍ਹਾਂ ਦੇ ਰਵਾਇਤੀ ਵਿਰੋਧੀ ਸਚਿਨ ਪਾਇਲਟ ਨੂੰ ਇੱਕ ਮੰਚ ’ਤੇ ਲਿਆਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਇਸ ਤਹਿਤ ਗਹਿਲੋਤ ਤੇ ਪਾਇਲਟ ਨਾਲ ਸੋਮਵਾਰ ਨੂੰ ਦਿੱਲੀ ਵਿੱਚ ਵੱਖੋ ਵੱਖਰੀਆਂ ਮੀਟਿੰਗ ਕਰਨਗੇ। ਇਹ ਜਾਣਕਾਰੀ ਇਸ ਘਟਨਾਕ੍ਰਮ ਨਾਲ ਨੇੜਿਓਂ ਜੁੜੇ ਇੱਕ ਸੀਨੀਅਰ ਪਾਰਟੀ ਆਗੂ ਨੇ ਦਿੱਤੀ ਹੈ। ਉਧਰ, ਮੁੱਖ ਮੰਤਰੀ ਦਫ਼ਤਰ ਨੇ ਵੀ ਬਿਆਨ ਜਾਰੀ ਕਰ ਕੇ ਗਹਿਲੋਤ ਦੇ ਦਿੱਲੀ ਦੌਰੇ ਦੇ ਪ੍ਰੋਗਰਾਮ ਦੀ ਪੁਸ਼ਟੀ ਕੀਤੀ ਹੈ, ਜਿੱਥੇ ਉਹ ਕੌਮੀ ਰਾਜਧਾਨੀ ਵਿੱਚ ਰਾਜਸਥਾਨ ਭਵਨ ਦਾ ਨੀਂਹ ਪੱਥਰ ਵੀ ਰੱਖਣਗੇ।