-195 ਬੈਂਡ ਟੀਮਾਂ ਦੇ 8000 ਕਲਾਕਾਰਾਂ ਨੇ ਲਿਆ ਸੀ ਹਿੱਸਾ,
-ਦਸ਼ਮੇਸ਼ ਬੈਂਡ ਹੈ ਸਮੁੱਚੇ ਏਸ਼ੀਆ ਦਾ ਪਹਿਲਾ ਸਿੱਖ ਪਾਈਪ ਬੈਂਡ
ਗਲਾਸਗੋ/ਸਟਾਰ ਨਿਊਜ਼ (ਮਨਦੀਪ ਖੁਰਮੀ ਹਿੰਮਤਪੁਰਾ):- ਗਲਾਸਗੋ ਵਿਖੇ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ ਵਿੱਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਪਾਈਪ ਬੈਂਡ ਨੇ ਆਪਣੇ ਸਰਵਉੱਤਮ ਪ੍ਰਦਰਸ਼ਨ ਰਾਂਹੀਂ ਚੈਂਪੀਅਨਸ਼ਿਪ ਉੱਪਰ ਮੁਕੰਮਲ ਕਬਜ਼ਾ ਕਰ ਲਿਆ ਹੈ। ਜਿਕਰਯੋਗ ਹੈ ਕਿ ਇਸ ਚੈਂਪੀਅਨਸ਼ਿਪ ਵਿੱਚ ਵਿਸ਼ਵ ਭਰ ਵਿੱਚੋਂ 195 ਟੀਮਾਂ ਦੇ 8000 ਦੇ ਲਗਭਗ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਜਿਸ ਵਿੱਚੋਂ ਏਸ਼ੀਆ ਦੇ ਇਕਲੌਤੇ ਸ੍ਰੀ ਦਸ਼ਮੇਸ਼ ਪਾਈਪ ਬੈਂਡ ਨੇ ਜਿੱਤ ਹਾਸਲ ਕੀਤੀ ਹੈ। ਇਸ ਮਹਾਂ-ਮੁਕਾਬਲੇ ਵਿੱਚ ਨਿਊਜ਼ੀਲੈਂਡ, ਆਸਟਰੇਲੀਆ, ਕੈਨੇਡਾ, ਆਸਟਰੀਆ, ਸਵਿਟਜਰਲੈਂਡ, ਅਮਰੀਕਾ, ਬੈਲਜ਼ੀਅਮ, ਇੰਗਲੈਂਡ, ਸਪੇਨ, ਮਲੇਸ਼ੀਆ, ਆਇਰਲੈਂਡ ਤੇ ਸਕਾਟਲੈਂਡ ਦੇ ਚੋਟੀ ਦੇ ਪਾਈਪ ਬੈਂਡ ਹਿੱਸਾ ਲੈਣ ਪਹੁੰਚੇ ਹੋਏ ਸਨ। ਜਿਕਰਯੋਗ ਹੈ ਕਿ ਏਸ਼ਆਿ ਭਰ ਵਿੱਚ ਇਸ ਪਹਿਲੇ ਸਿੱਖ ਪਾਈਪ ਬੈਂਡ ਦੀ ਸ਼ੁਰੂਆਤ 1986 ਵਿੱਚ ਸੁਖਦੇਵ ਸਿੰਘ ਤੇ 1ਸਦੇ ਭਰਾ ਹਰਵਿੰਦਰ ਸਿੰਘ ਨੇ ਕੀਤੀ ਸੀ। ਸਿੱਖੀ ਪ੍ਰਤੀ ਲੋਕਾਂ ਨੂੰ ਜਾਣੂੰ ਕਰਵਾਉਣ ਅਤੇ ਸਿੱਖ ਕੌਣ ਹਨ? ਦੇ ਸੰਕਲਪ ਨੂੰ ਸੌਖਿਆਂ ਲੋਕ ਮਨਾਂ ਵਿੱਚ ਵਸਾਉਣ ਦੇ ਮਨਸ਼ੇ ਨਾਲ ਤਿਆਰ ਕੀਤਾ ਇਹ ਕਲਾਕਾਰਾਂ ਦਾ ਸਮੂਹ ਸਿੱਖ ਬਾਣੇ ਵਿੱਚ ਹੀ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਹੈ। ਇਸ ਚੈਂਪੀਅਨਸ਼ਿਪ ਵਿੱਚ ਵੀ ਸ੍ਰੀ ਦਸ਼ਮੇਸ਼ ਪਾਈਪ ਬੈਂਡ ਦਾ ਪਹਿਰਾਵਾ ਤੇ ਕਲਾ ਦਾ ਪ੍ਰਦਰਸ਼ਨ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਜਿੱਤ ਉਪਰੰਤ ਐੱਮ ਬੀ ਈ ਦਿਲਾਵਰ ਸਿੰਘ, ਕਮਲਜੀਤ ਮਿਨਹਾਸ ਨੇ ਸਮੁੱਚੇ ਕਲਾਕਾਰਾਂ ਦੀ ਸਕਾਟਲੈਂਡ ਆਮਦ ‘ਤੇ ਜੀ ਆਇਆਂ ਕਹਿਣ ਦੇ ਨਾਲ ਸ੍ਰੀ ਦਸ਼ਮੇਸ਼ ਪਾਈਪ ਬੈਂਡ ਦੇ ਸਮੂਹ ਕਲਾਕਾਰਾਂ ਨੂੰ ਹਾਰਦਿਕ ਵਧਾਈ ਪੇਸ਼ ਕੀਤੀ।