ਬਾਲਾਸੌਰ/ਭੁਬਨੇਸ਼ਵਰ, 3 ਜੂਨ
ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ’ਚ ਤਿੰਨ ਰੇਲਾਂ ਦੇ ਆਪਸ ’ਚ ਟਕਰਾਉਣ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 288 ਹੋ ਗਈ ਹੈ। ਦੇਸ਼ ਦੇ ਸਭ ਤੋਂ ਭਿਆਨਕ ਹਾਦਸਿਆਂ ’ਚ ਸ਼ੁਮਾਰ ਇਸ ਹਾਦਸੇ ’ਚ ਕਰੀਬ 1100 ਵਿਅਕਤੀ ਜ਼ਖ਼ਮੀ ਹੋਏ ਹਨ। ਭਾਰਤੀ ਰੇਲਵੇ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਸਿਗਨਲ ਤੋੜਨ ਮਗਰੋਂ ਗਲਤ ਲੀਹ ’ਤੇ ਪੈਣ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵਧਣ ਦਾ ਖ਼ਦਸ਼ਾ ਹੈ। ਹਾਦਸੇ ਕਾਰਨ 90 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ 46 ਦੇ ਰੂਟ ਬਦਲ ਦਿੱਤੇ ਗਏ। ਕੋਰੋਮੰਡਲ ਐਕਸਪ੍ਰੈੱਸ ਅਤੇ ਬੰਗਲੂਰੂ-ਹਾਵੜਾ ਐਕਸਪ੍ਰੈੱਸ ਦੇ ਡੱਬੇ ਸ਼ੁੱਕਰਵਾਰ ਦੇਰ ਸ਼ਾਮ ਲੀਹ ਤੋਂ ਲੱਥਣ ਅਤੇ ਫਿਰ ਇਕ ਮਾਲਗੱਡੀ ਨਾਲ ਟਕਰਾਉਣ ਮਗਰੋਂ ਇਹ ਭਿਆਨਕ ਹਾਦਸਾ ਵਾਪਰਿਆ ਸੀ। ਹਾਦਸੇ ਵਾਲੀ ਥਾਂ ਇੰਜ ਜਾਪ ਰਹੀ ਸੀ ਜਿਵੇਂ ਕੋਈ ਜ਼ੋਰਦਾਰ ਵਾਵਰੋਲਾ ਆਇਆ ਹੋਵੇ ਅਤੇ ਉਸ ਨੇ ਡੱਬਿਆਂ ਨੂੰ ਇਕ-ਦੂਜੇ ਦੇ ਉਪਰ ਸੁੱਟ ਦਿੱਤਾ ਹੋਵੇ। ਉੜੀਸਾ ਦੇ ਮੁੱਖ ਸਕੱਤਰ ਪੀ ਕੇ ਜੇਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੌਮੀ ਆਫ਼ਤ ਪ੍ਰਬੰਧਨ ਬਲ, ਉੜੀਸਾ ਆਫ਼ਤ ਪ੍ਰਬੰਧਨ ਕਾਰਜ ਬਲ ਤੇ ਅੱਗ ਬੁਝਾਊ ਦਸਤਿਆਂ ਵੱਲੋਂ ਡੱਬਿਆਂ ਨੂੰ ਕੱਟ ਕੇ ਜਿਊਂਦੇ ਜਾਂ ਮ੍ਰਿਤਕ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕਰੀਬ 200 ਐਂਬੂਲੈਂਸਾਂ, 50 ਬੱਸਾਂ, 45 ਮੋਬਾਈਲ ਸਿਹਤ ਇਕਾਈਆਂ ਅਤੇ 1200 ਜਵਾਨ ਲਗਾਤਾਰ ਹਾਦਸੇ ਵਾਲੀ ਥਾਂ ’ਤੇ ਰਾਹਤ ਤੇ ਬਚਾਅ ਕਾਰਜਾਂ ’ਚ ਜੁਟੇ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਇਕੋ ਥਾਂ ’ਤੇ ਕਈ ਪਟੜੀਆਂ ਹੋਣ ਕਰਕੇ ਹਾਦਸੇ ਦੀ ਤੀਬਰਤਾ ਵਧ ਗਈ ਸੀ। ਪੱਛਮੀ ਬੰਗਾਲ ਦੇ ਬਰਾਕਪੁਰ ਅਤੇ ਪਾਨਾਗੜ੍ਹ ਤੋਂ ਇੰਜਨੀਅਰਿੰਗ ਅਤੇ ਮੈਡੀਕਲ ਜਵਾਨਾਂ ਸਮੇਤ ਫ਼ੌਜ ਦੀਆਂ ਟੁੱਕੜੀਆਂ ਤੁਰੰਤ ਹਾਦਸੇ ਵਾਲੀ ਥਾਂ ’ਤੇ ਪਹੁੰਚ ਗਈਆਂ ਸਨ। ਰੱਖਿਆ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਮੁਸਾਫ਼ਰਾਂ ਨੂੰ ਕੱਢਣ ਲਈ ਦੋ ਐੱਮਆਈ-17 ਹੈਲੀਕਾਪਟਰ ਤਾਇਨਾਤ ਕੀਤੇ ਗਏ ਸਨ। ਦੱਖਣ ਪੂਰਬੀ ਸਰਕਲ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੀ ਜਾਂਚ ਦੀ ਅਗਵਾਈ ਰੇਲਵੇ ਸੁਰੱਖਿਆ ਦੇ ਕਮਿਸ਼ਨਰ ਏ ਐੱਮ ਚੌਧਰੀ ਕਰਨਗੇ। ਰੇਲਵੇ ਨੇ ਕਿਹਾ ਕਿ ਰੂਟ ’ਤੇ ਟਰੇਨ ਹਾਦਸੇ ਤੋਂ ਰੋਕਣ ਵਾਲੀ ਪ੍ਰਣਾਲੀ ‘ਕਵਚ’ ਉਪਲੱਬਧ ਨਹੀਂ ਸੀ। ਹਾਦਸੇ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹਨ ਪਰ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਸਿਗਨਲ ਫੇਲ੍ਹ ਹੋਣ ਕਾਰਨ ਹਾਦਸਾ ਵਾਪਰਿਆ ਹੋ ਸਕਦਾ ਹੈ।
ਭਾਰਤੀ ਰੇਲਵੇ ਦੇ ਤਰਜਮਾਨ ਅਮਿਤਾਭ ਸ਼ਰਮਾ ਨੇ ਕਿਹਾ ਕਿ ਰਾਹਤ ਕਾਰਜ ਮੁਕੰਮਲ ਹੋ ਗਏ ਹਨ ਅਤੇ ਹੁਣ ਪਟੜੀ ਦਰੁਸਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਸ਼ਰਮਾ ਨੇ ਕਿਹਾ ਕਿ ਪਹਿਲਾਂ ਕੋਰੋਮੰਡਲ ਐਕਸਪ੍ਰੈੱਸ ਦੇ 10-12 ਡੱਬੇ ਲੀਹੋਂ ਲੱਥ ਕੇ ਉਸ ਪਟੜੀ ’ਤੇ ਆ ਡਿੱਗੇ ਜਿਥੋਂ ਬੰਗਲੂਰੂ-ਹਾਵੜਾ ਐਕਸਪ੍ਰੈੱਸ ਲੰਘ ਰਹੀ ਸੀ ਜਿਸ ਕਾਰਨ ਉਸ ਦੇ ਡੱਬੇ ਵੀ ਪਲਟ ਗਏ ਅਤੇ ਅਗਲੀ ਪਟੜੀ ’ਤੇ ਖੜ੍ਹੀ ਮਾਲ ਗੱਡੀ ਉਪਰ ਜਾ ਡਿੱਗੇ। ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਉਨ੍ਹਾਂ ਦੇ ਪੱਛਮੀ ਬੰਗਾਲ ਦੇ ਹਮਰੁਤਬਾ ਮਮਤਾ ਬੈਨਰਜੀ ਨੇ ਅੱਜ ਸਵੇਰੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਰੇਲਵੇ ਨੇ ਮ੍ਰਿਤਕਾਂ ਦੇ ਵਾਰਸਾਂ ਲਈ 10-10 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਲਈ 2-2 ਲੱਖ ਅਤੇ ਮਾਮੂਲੀ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ। ਸ੍ਰੀ ਮੋਦੀ ਨੇ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ’ਚੋਂ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦਾ ਵਾਧੂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਏਮਸ ਭੁਬਨੇਸ਼ਵਰ ਤੋਂ ਡਾਕਟਰਾਂ ਨੂੰ ਬਾਲਾਸੌਰ ਅਤੇ ਕੱਟਕ ਲਈ ਰਵਾਨਾ ਕਰ ਦਿੱਤਾ ਗਿਆ ਹੈ। ਪਟਨਾਇਕ ਨੇ ਉੜੀਸਾ ’ਚ ਅੱਜ ਇਕ ਦਿਨ ਦੇ ਸੋਗ ਦਾ ਐਲਾਨ ਕੀਤਾ। ਤਾਮਿਲ ਨਾਡੂ ਸਰਕਾਰ ਨੇ ਫਸੇ ਹੋਏ ਅਤੇ ਜ਼ਖ਼ਮੀ ਮੁਸਾਫ਼ਰਾਂ ਦੀ ਘਰ ਵਾਪਸੀ ਯਕੀਨੀ ਬਣਾਉਣ ਦੇ ਪ੍ਰਬੰਧ ਕੀਤੇ ਹਨ। ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਕਿਹਾ ਕਿ ਘਟਨਾ ਸਥਾਨ ’ਤੇ ਰਾਹਤ ਅਤੇ ਬਚਾਅ ਕਾਰਜਾਂ ’ਚ ਤਾਲਮੇਲ ਬਣਾਉਣ ਲਈ ਮੰਤਰੀਆਂ ਤੇ ਅਧਿਕਾਰੀਆਂ ਦਾ ਉੱਚ ਪੱਧਰੀ ਵਫ਼ਦ ਉਥੇ ਭੇਜਿਆ ਗਿਆ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਰਤ ਮੰਤਰੀ ਸੰਤੋਸ਼ ਲਾਡ ਦੀ ਅਗਵਾਈ ਹੇਠ ਟੀਮ ਮੌਕੇ ’ਤੇ ਭੇਜੀ ਹੈ ਤਾਂ ਜੋ ਸੂਬੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।