ਓਟਵਾ, 7 ਮਾਰਚ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿਸੇ ਵੀ ਤਰ੍ਹਾਂ ਐਸਐਨਸੀ-ਲਾਵਾਲਿਨ ਮਾਮਲੇ ਤੋਂ ਆਪਣਾ ਖਹਿੜਾ ਛੁਡਾਉਣਾ ਚਾਹੁੰਦੇ ਹਨ। ਇਸ ਲਈ ਉਹ ਅੱਜ ਆਪਣੀਆਂ ਤੇ ਆਪਣੀ ਪਾਰਟੀ ਦੀਆਂ ਗਲਤੀਆਂ ਦੀ ਜਿੰ਼ਮੇਵਾਰੀ ਲੈਂਦਿਆਂ ਹੋਇਆਂ ਭਵਿੱਖ ਵਿੱਖ ਬਿਹਤਰ ਕਾਰਗੁਜ਼ਾਰੀ ਵਿਖਾਉਣ ਦਾ ਵਾਅਦਾ ਕਰਨਗੇ। ਭਾਵੇਂ ਟਰੂਡੋ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ ਪਰ ਜਾਣਕਾਰ ਸੂਤਰਾਂ ਅਨੁਸਾਰ ਟਰੂਡੋ ਇਸ ਗੱਲ ਉੱਤੇ ਹੀ ਜਿ਼ਆਦਾ ਜੋ਼ਰ ਦੇਣਗੇ ਕਿ ਇਸ ਦੌਰਾਨ ਕੁੱਝ ਵੀ ਗੈਰਇਖਲਾਕੀ ਜਾਂ ਗੈਰਕਾਨੂੰਨੀ ਵਿਵਹਾਰ ਵਰਗਾ ਕੁੱਝ ਨਹੀਂ ਹੋਇਆ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਟਰੂਡੋ ਇਸ ਵਿਵਾਦ ਨੂੰ ਆਪਣੇ ਆਫਿਸ ਤੇ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਦਰਮਿਆਨ ਕਮਿਊਨਿਕੇਸ਼ਨ ਗੈਪ ਤੇ ਵਿਸ਼ਵਾਸ ਟੁੱਟਣ ਸਿਰ ਮੜ੍ਹਨ ਦੀ ਵੀ ਕੋਸਿ਼ਸ਼ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਟਰੂਡੋ ਅੱਜ ਤੜ੍ਹਕਸਾਰ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਨਗੇ। ਟਰੂਡੋ ਸਰਕਾਰ ਪਿਛਲੇ ਮਹੀਨੇ ਤੋਂ ਹੀ ਐਸਐਨਸੀ-ਲਾਵਾਲਿਨ ਨਾਲ ਜੁੜੇ ਇਸ ਮਾਮਲੇ ਵਿੱਚ ਅਜਿਹਾ ਉਲਝੀ ਹੈ ਕਿ ਉਸ ਨੂੰ ਹੁਣ ਤੱਕ ਸਾਹ ਨਹੀਂ ਆਇਆ। ਪਹਿਲੀ ਵਾਰੀ ਇਹ ਦੋਸ਼ ਲੱਗੇ ਕਿ ਵਿਲਸਨ ਰੇਅਬੋਲਡ ਉੱਤੇ ਗਲਤ ਢੰਗ ਨਾਲ ਇਹ ਦਬਾਅ ਪਾਇਆ ਗਿਆ ਕਿ ਐਸਐਨਸੀ-ਲਾਵਾਲਿਨ ਖਿਲਾਫ ਮੁਜਰਮਾਨਾ ਕਾਰਵਾਈ ਨਾ ਕੀਤੀ ਜਾਵੇ। ਇੱਥੇ ਹੀ ਬੱਸ ਨਹੀਂ ਇਹ ਵੀ ਆਖਿਆ ਗਿਆ ਕਿ ਇਸ ਤੋਂ ਇਨਕਾਰ ਕਰਨ ਮਗਰੋਂ ਉਨ੍ਹਾਂ ਤੋਂ ਅਟਾਰਨੀ ਜਨਰਲ ਦਾ ਅਹੁਦਾ ਖੋਹ ਲਿਆ ਗਿਆ ਤੇ ਉਨ੍ਹਾਂ ਨੂੰ ਵੈਟਰਨਜ਼ ਅਫੇਅਰਜ਼ ਮੰਤਰਾਲਾ ਦੇ ਦਿੱਤਾ ਗਿਆ। ਇਸ ਵਿਵਾਦ ਦੇ ਸਾਹਮਣੇ ਆਉਣ ਤੋਂ ਬਾਅਦ ਰੇਅਬੋਲਡ ਨੇ ਅਸਤੀਫਾ ਦੇ ਦਿੱਤਾ। ਇਸ ਤੋਂ ਕੁੱਝ ਸਮੇਂ ਬਾਅਦ ਹੀ ਉਨ੍ਹਾਂ ਦੀ ਨੇੜਲੀ ਦੋਸਤ ਤੇ ਕੈਬਨਿਟ ਸਹਿਯੋਗੀ ਖਜਾਨਾ ਬੋਰਡ ਦੀ ਪ੍ਰੈਜ਼ੀਡੈਂਟ ਜੇਨ ਫਿਲਪੌਟ ਨੇ ਵੀ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ। ਫਿਲਪੌਟ ਨੇ ਆਖਿਆ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਐਸਐਨਸੀ-ਲਾਵਾਲਿਨ ਮਾਮਲੇ ਨਾਲ ਨਜਿੱਠਿਆ ਜਾ ਰਿਹਾ ਹੈ ਉਸ ਕਾਰਨ ਉਨ੍ਹਾਂ ਦਾ ਭਰੋਸਾ ਉੱਠ ਚੁੱਕਿਆ ਹੈ। ਇਸ ਦੌਰਾਨ ਟਰੂਡੋ ਦੇ ਪ੍ਰਿੰਸੀਪਲ ਸਕੱਤਰ ਤੇ ਲੰਮੇਂ ਸਮੇਂ ਤੋਂ ਦੋਸਤ ਚੱਲੇ ਆ ਰਹੇ ਭਰੋਸੇਮੰਦ ਸਲਾਹਕਾਰ ਗੇਰਾਲਡ ਬੱਟਸ ਨੇ ਵੀ ਅਸਤੀਫਾ ਦੇ ਦਿੱਤਾ। ਬੱਟਸ ਨੇ ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਦੀ ਨਿਆਂ ਕਮੇਟੀ ਸਾਹਮਣੇ ਗਵਾਹੀ ਦਿੱਤੀ। ਪਰ ਇਹ ਗਵਾਹੀ ਰੇਅਬੋਲਡ ਵੱਲੋਂ ਦਿੱਤੇ ਬਿਆਨ ਤੋਂ ਵੱਖਰੀ ਸੀ। ਉਨ੍ਹਾਂ ਆਖਿਆ ਕਿ ਨਾ ਹੀ ਰੇਅਬੋਅਡ ਨੂੰ ਧਮਕਾਇਆ ਗਿਆ ਤੇ ਨਾ ਹੀ ਕੋਈ ਸਿਆਸੀ ਦਬਾਅ ਹੀ ਉਨ੍ਹਾਂ ਉੱਤੇ ਪਾਇਆ ਗਿਆ।