ਲਾਸ ਏਂਜਲਸ:ਸਾਲ 2022 ਦੇ ਗਰੈਮੀ ਐਵਾਰਡਜ਼ ਵਿੱਚ ਦੋ ਭਾਰਤੀਆਂ ਫਾਲਗੁਨੀ ਸ਼ਾਹ ਤੇ ਰਿੱਕੀ ਕੇਜ ਨੇ ਐਵਾਰਡ ਹਾਸਲ ਕੀਤੇ ਹਨ। ਨੇਵਾਡਾ ਦੇ ਲਾਸ ਵੇਗਾਸ ਐੱਮਜੀਐੱਮ ਗ੍ਰੈਂਡ ਗਾਰਡਨ ਐਰੇਨਾ ਵਿੱਚ ਚੱਲ ਰਹੇ 64ਵੇਂ ਸਾਲਾਨਾ ਗਰੈਮੀਜ਼ ਐਵਾਰਡ ਸਮਾਗਮ ਵਿੱਚ ਭਾਰਤੀ-ਅਮਰੀਕੀ ਸੰਗੀਤਕਾਰ ਫਾਲਗੁਨੀ ਸ਼ਾਹ, ਜਿਸ ਨੂੰ ਫਾਲੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਉਸ ਦੀ ਐਲਬਮ ‘ਏ ਕਲਰਫੁਲ ਵਰਲਡ’ ਲਈ ਬੱਚਿਆਂ ਦੀ ਸਰਬੋਤਮ ਸੰਗੀਤ ਐਲਬਮ ਦਾ ਐਵਾਰਡ ਹਾਸਲ ਹੋਇਆ ਹੈ। ਨਿਊਯਾਰਕ ਦੀ ਰਹਿਣ ਵਾਲੀ ਫਾਲਗੁਨੀ ਨੇ ਇਸ ਤੋਂ ਪਹਿਲਾਂ ‘ਸਲੱਮਡਾਗ ਮਿਲੀਅਨੇਅਰ’ ਵਿੱਚ ਏਆਰ ਰਹਿਮਾਨ ਨਾਲ ਵੀ ਕੰਮ ਕੀਤਾ ਹੈ। ਉਸ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਮੁੰਬਈ ਵਿੱਚ ਮਹਾਨ ਸਾਰੰਗੀ ਵਾਦਕ ਤੇ ਗਾਇਕ ਉਸਤਾਦ ਸੁਲਤਾਨ ਖ਼ਾਨ ਤੋਂ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਬੰਗਲੂਰੂ ਦੇ ਰਹਿਣ ਵਾਲੇ ਸੰਗੀਤਕਾਰ ਰਿੱਕੀ ਕੇਜ ਨੂੰ ‘ਡਿਵਾਈਨ ਟਾਈਡਜ਼’ ਲਈ ਸਰਵੋਤਮ ਨਵੀਂ ਐਲਬਮ ਸ਼੍ਰੇਣੀ ’ਚ ਗਰੈਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਉਸ ਦਾ ਦੂਜਾ ਗਰੈਮੀ ਪੁਰਸਕਾਰ ਹੈ। ਅਮਰੀਕਾ ’ਚ ਜਨਮੇ ਸੰਗੀਤਕਾਰ ਨੇ ਮਸ਼ਹੂਰ ਬਰਤਾਨਵੀ ਰੌਕ ਬੈਂਡ ‘ਦਿ ਪੁਲੀਸ’ ਦੇ ਡਰੰਮਰ ਸਟੀਵਰਟ ਕੋਪਲੈਂਡ ਨਾਲ ਪੁਰਸਕਾਰ ਸਾਂਝਾ ਕੀਤਾ। ਕੋਪਲੈਂਡ ਨੇ ਐਲਬਮ ’ਚ ਕੇਜ ਨਾਲ ਕੰਮ ਕੀਤਾ ਹੈ। ਇਸ ਵਾਰ ਬਰੂਨੋ ਮਾਰਸ ਤੇ ਰੈਪਰ ਐਂਡਰਸਨ ਪਾਕ ਦੀ ਜੋੜੀ ਦੇ ਗੀਤ ‘ਲੀਵ ਦਿ ਡੋਰ ਓਪਨ’ ਨੂੰ ਸਾਲ ਦੇ ਬਿਹਤਰੀਨ ਗੀਤ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ। ਇਹ ਗੀਤ ਏਆਰ ਐਂਡ ਬੀ ਸੁਪਰ ਡੂਓ ਸਿਲਕ ਸੌਨਿਕ ਵੱਲੋਂ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਰੌਕ ਸ਼੍ਰੇਣੀ ਵਿੱਚ ਤਿੰਨ ਐਵਾਰਡਾਂ ਲਈ ਨਾਮਜ਼ਦ ਹੋਇਆ ਬੈਂਡ ‘ਫੂ ਫਾਈਟਰਜ਼’ ਤਿੰਨੇ ਹੀ ਐਵਾਰਡ ਜਿੱਤ ਗਿਆ ਹੈ। ਇਸ ਬੈਂਡ ਨੇ ‘ਮੇਕਿੰਗ ਏ ਫਾਇਰ’ ਲਈ ਸਰਬੋਤਮ ਰੌਕ ਪਰਫਾਰਮੈਂਸ, ‘ਵੇਟਿੰਗ ਓਨ ਏ ਵਾਰ’ ਲਈ ਸਰਬੋਤਮ ਰੌਕ ਗੀਤ ਅਤੇ ‘ਮੈਡੀਸਿਨ ਐਟ ਮਿੱਡਨਾਈਟ’ ਲਈ ਸਰਬੋਤਮ ਰੌਕ ਐਲਬਮ ਦਾ ਐਵਾਰਡ ਹਾਸਲ ਕੀਤਾ ਹੈ। ਸਮਾਗਮ ਦੌਰਾਨ ਗੀਤ ‘ਯੰਗਰ ਮੀ’ ਨੂੰ ਐੱਲਜੀਬੀਟੀਕਿਊ+ਥੀਮ ਦਾ ਐਵਾਰਡ ਹਾਸਲ ਹੋਇਆ ਹੈ। ਸੰਗੀਤਕਾਰ ਭਰਾ ‘ਬ੍ਰਦਰਜ਼ ਓਸਬੌਰਨ’ ਨੂੰ ਆਪਣਾ ਪਹਿਲਾ ਗਰੈਮੀ ਐਵਾਰਡ ਉਨ੍ਹਾਂ ਦੇ ਗੀਤ ‘ਯੰਗਰ ਮੀ’ ਲਈ ਮਿਲਿਆ ਹੈ। ‘ਵਰਾਇਟੀ’ ਵਿੱਚ ਛਪੀ ਇਕ ਰਿਪੋਰਟ ਅਨੁਸਾਰ ਇਸ ਐਵਾਰਡ ਸਮਾਗਮ ਦੇ ਇਤਿਹਾਸ ਵਿੱਚ ਇਹ ਪਹਿਲਾ ਐੱਲਜੀਬੀਟੀਕਿਊ+ਥੀਮ ਗੀਤ ਹੈ, ਜਿਸ ਨੂੰ ਐਵਾਰਡ ਹਾਸਲ ਹੋਇਆ ਹੈ। ਇਸੇ ਤਰ੍ਹਾਂ ਅਮਰੀਕਾ ’ਚ ਰਹਿਣ ਵਾਲੀ ਪਾਕਿਸਤਾਨੀ ਗਾਇਕਾ ਆਰੂਜ਼ਾ ਆਫਤਾਬ ਨੂੰ ਉਸ ਦੇ ਗਾਣੇ ‘ਮੁਹੱਬਰ’ ਲਈ ਗਰੈਮੀ ਦਿੱਤਾ ਗਿਆ ਹੈ। ਉਸ ਨੂੰ ਇਹ ਪੁਸਰਕਾਰ ਸਰਵੋਤਮ ਵਿਸ਼ਵ ਸੰਗੀ ਪ੍ਰਦਰਸ਼ਨ ਸ਼੍ਰੇਣੀ ’ਚ ਦਿੱਤਾ ਗਿਆ।