ਏਥਨਜ਼, 11 ਅਗਸਤ

ਦੱਖਣ-ਪੂਰਬੀ ਗਰੀਕ ਆਈਲੈਂਡ ਦੇ ਸਮੁੰਦਰ ’ਚ ਸ਼ਰਨਾਰਥੀਆਂ ਨਾਲ ਭਰੀ ਬੇੜੀ ਡੁੱਬਣ ਦੀ ਘਟਨਾ ਮਗਰੋਂ ਅੱਜ ਦੂਜੇ ਦਿਨ ਬਚਾਅ ਕਾਰਜ ਜਾਰੀ ਰਹੇ। ਗਰੀਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਰਜਨਾਂ ਸ਼ਰਨਾਰਥੀ ਅਜੇ ਵੀ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਜਲ ਸੈਨਾ ਦਾ ਜੰਗੀ ਬੇੜਾ ਤੇ ਤਿੰਨ ਹੋਰ ਜਹਾਜ਼ ਅੱਜ ਲਾਪਤਾ ਲੋਕਾਂ ਦੀ ਭਾਲ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤੁਰਕੀ ਦੇ ਅੰਤਾਲਿਆ ਤੱਟ ਤੋਂ ਇਟਲੀ ਜਾ ਰਹੀ ਇੱਕ ਬੇੜੀ ਦੇ ਡੁੱਬਣ ਦੀ ਘਟਨਾ ਵਾਪਰੀ ਸੀ ਤੇ ਇਸ ਘਟਨਾ ’ਚ 25 ਤੋਂ 45 ਦੇ ਕਰੀਬ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਗਰੀਕ ਦੇ ਤੱਟੀ ਗਾਰਡਾਂ ਨੇ ਦੱਸਿਆ ਕਿ ਹੁਣ ਤੱਕ ਅਫ਼ਗਾਨਿਸਤਾਨ, ਇਰਾਨ ਤੇ ਇਰਾਕ ਨਾਲ ਸਬੰਧਤ 29 ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਇਸ ਘਟਨਾ ’ਚ ਬਚੇ ਵਿਅਕਤੀਆਂ ਨੇ ਦੱਸਿਆ ਕਿ ਇਸ ਬੇੜੀ ਵਿੱਚ 60 ਤੋਂ 80 ਦੇ ਕਰੀਬ ਲੋਕ ਸਵਾਰ ਸਨ।