ਮੁੰਬਈ, 11 ਫਰਵਰੀ
ਫਿਲਮ ‘ਗਨਪਤ’ ਵਿੱਚ ਬੌਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨਾਲ ਕ੍ਰਿਤੀ ਸੈਨਨ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਦਾ ਐਲਾਨ ਅੱਜ ਟਾਈਗਰ ਨੇ ਇੰਸਟਾਗ੍ਰਾਮ ’ਤੇ ਕੀਤਾ। ਸਾਲ 2014 ਵਿੱਚ ਆਈ ਫਿਲਮ ‘ਹੀਰੋਪੰਤੀ’ ਮਗਰੋਂ ਇਹ ਦੋਵੋਂ ਅਦਾਕਾਰ ਪਹਿਲੀ ਵਾਰ ਇਕੱਠੇ ਵੱਡੇ ਪਰਦੇ ’ਤੇ ਨਜ਼ਰ ਆਉਣਗੇ।
ਟਾਈਗਰ ਨੇ ਇੰਸਟਾਗ੍ਰਾਮ ’ਤੇ ਐਲਾਨ ਕੀਤਾ, ‘‘ਖ਼ਤਮ ਹੋਇਆ ਇੰਤਜ਼ਾਰ @ਕ੍ਰਿਤੀਸੈਨਨ। ਪ੍ਰਤਿਭਾ ਭਰੀ ਅਦਾਕਾਰਾ ਨਾਲ ਮੁੜ ਕੰਮ ਕਰਨ ਲਈ ਬਹੁਤ ਉਤਸੁਕ ਹਾਂ #ਗਨਪਤ।’’ ਫਿਲਮ ਦੇ ਮੋਸ਼ਨ ਪੋਸਟਰ ਵਿੱਚ ਕ੍ਰਿਤੀ ਨੂੰ ਜੱਸੀ ਦੇ ਕਿਰਦਾਰ ਵਜੋਂ ਪੇਸ਼ ਕੀਤਾ ਗਿਆ ਹੈ। ਇੰਸਟਾਗ੍ਰਾਮ ’ਤੇ ਪੋਸਟਰ ਸਾਂਝਾ ਕਰਦਿਆਂ ਕ੍ਰਿਤੀ ਨੇ ਲਿਖਿਆ, ‘‘ਜੱਸੀ ਨੂੰ ਮਿਲੋ! ਇਸ ਲਈ ਮੈਂ ਬਹੁਤ ਉਤਸਾਹਿਤ ਹਾਂ!! ਮੇਰੇ ਬਹੁਤ ਹੀ ਖਾਸ @ਟਾਈਗਰਸ਼ਰਾਫ ਨਾਲ ਮੁੜ ਕੰਮ ਕਰਨ ਜਾ ਰਹੀ ਹਾਂ। ਸ਼ੂਟ ਸ਼ੁਰੂ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ!’’
ਵਿਕਾਸ ਬਹਿਲ ਵੱਲੋਂ ਨਿਰਦੇਸ਼ਿਤ ਫਿਲਮ ਬਾਰੇ ਗੱਲ ਕਰਦਿਆਂ ਕ੍ਰਿਤੀ ਨੇ ਕਿਹਾ, ‘‘ਲਗਪਗ ਸੱਤ ਸਾਲ ਬਾਅਦ ਟਾਈਗਰ ਨਾਲ ਮੁੜ ਜੁੜ ਕੇ ਬਹੁਤ ਰੁਮਾਂਚਿਤ ਹਾਂ ਅਤੇ ਵਿਕਾਸ ਵੱਲੋਂ ਨਿਰਦੇਸ਼ਿਤ ਕੀਤੇ ਜਾਣਾ ਮੇਰੇ ਲਈ ਬਹੁਤ ਨਵਾਂ ਹੈ। ਮੈਂ ਕਾਫੀ ਸਮੇਂ ਤੋਂ ਐਕਸ਼ਨ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਸੀ ਅਤੇ ਹੁਣ ਪੂਜਾ ਐਂਟਰਟੇਨਮੈਂਟ ਨਾਲ ਵੱਡੇ ਪੈਮਾਨੇ ’ਤੇ ਅਜਿਹਾ ਕਰਨ ਲਈ ਮੈਂ ਬਹੁਤ ਉਤਸੁਕ ਹਾਂ।