ਚੰਡੀਗੜ੍ਹ, 3 ਫਰਵਰੀ
ਕੈਨੇਡਾ ਦੇ ਸਾਬਕਾ ਮੰਤਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਨੇ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹਿੰਸਾ ਦੀ ‘ਨਿਆਂਇਕ ਜਾਂਚ’ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਉਨ੍ਹਾਂ ਭਾਰਤ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖਿਆ ਹੈ ਅਤੇ ਇਸ ਘਟਨਾ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਕਾਇਮ ਕਰਨ ਲਈ ਕਿਹਾ ਹੈ। ਚੀਫ ਜਸਟਿਸ ਐੱਸਏ ਬੋਬਡੇ ਨੂੰ ਪੱਤਰ ਵਿੱਚ ਦੁਸਾਂਝ ਨੇ ਲਿਖਿਆ, “ਇਹ ਡੂੰਘੇ ਦੁੱਖ ਅਤੇ ਚਿੰਤਾ ਦੀ ਗੱਲ ਹੈ ਕਿ ਮੈਂ ਤੁਹਾਨੂੰ 26 ਜਨਵਰੀ, 2021 ਨੂੰ ਲਾਲ ਕਿਲ੍ਹੇ ਦੀਆਂ ਘਟਨਾਵਾਂ ਬਾਰੇ ਲਿਖ ਰਿਹਾ ਹੈ। ਜਨਤਕ ਤੌਰ ‘ਤੇ ਉਪਲਬਧ ਜਾਣਕਾਰੀ ਤੋਂ ਸਾਫ਼ ਤੇ ਸਪਸ਼ਟ ਹੈ ਕਿ ਇਹ ਗੜਬੜੀ ਸਾਜ਼ਿਸ਼ ਹੈ ਤਾਂ ਜੋ ਅਹਿੰਸਕ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ। ਮੇਰੀ ਆਪ ਨੂੰ ਬੇਨਤੀ ਹੈ ਕਿ ਤੁਸੀਂ ਇਸ ਦਾ ਆਪ ਨੋਟਿਸ ਲਓ ਤੇ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਸਿੱਟ ਤੋਂ ਕਰਵਾਓ।’