ਅੰਮ੍ਰਿਤਸਰ, 12 ਸਤੰਬਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਇੱਥੇ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਲਗਪਗ ਤਿੰਨ ਘੰਟੇ ਚੱਲੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਆਪਣੇ ਹੈਲੀਕਾਪਟਰ ਰਾਹੀਂ ਡੇਰਾ ਬਿਆਸ ਪੁੱਜੇ। ਉਨ੍ਹਾਂ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਬੰਦ ਕਮਰਾ ਮੁਲਾਕਾਤ ਕੀਤੀ। ਡੇਰਾ ਮੁਖੀ ਨੇ ਮੁੱਖ ਮੰਤਰੀ ਨੂੰ ਡੇਰੇ ਦੀਆਂ ਧਾਰਮਿਕ ਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਡੇਰੇ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਕੰਮਾਂ ਦੀ ਸ਼ਲਾਘਾ ਕੀਤੀ। ਸਿਆਸੀ ਮਾਹਿਰਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਦੀ ਇਸ ਮੁਲਾਕਾਤ ਨੂੰ ਅਗਾਮੀ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਡੇਰਾ ਬਿਆਸ ਦਾ ਉੱਤਰੀ ਭਾਰਤ ਸਮੇਤ ਹੋਰ ਕਈ ਸੂਬਿਆਂ ਵਿੱਚ ਡੇਰੇ ਦੇ ਵੱਡੀ ਗਿਣਤੀ ਵਿੱਚ ਪ੍ਰੇਮੀ ਤੇ ਹਮਾਇਤੀ ਹਨ।