ਫਰੀਦਕੋਟ, 2 ਮਈ

ਫ਼ਰੀਦਕੋਟ ਦੀ ਇਕਲੌਤੀ ਸਨਅਤ ਸਹਿਕਾਰੀ ਖੰਡ ਮਿੱਲ ਦੀ ਮਸ਼ੀਨਰੀ ਨੂੰ ਭੋਗਪੁਰ ਤਬਦੀਲ ਕਰਨ ਦੇ ਰੋਸ ਵਜੋਂ ਮਰਨ ਵਰਤ ’ਤੇ ਬੈਠੇ ਬਾਸਕਟਬਾਲ ਦੇ ਕੌਮੀ ਖਿਡਾਰੀ ਗੁਰਦਿੱਤ ਸਿੰਘ ਸੇਖੋਂ ਨੂੰ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਭਰੋਸਾ ਦਿੱਤਾ ਕਿ ਫ਼ਰੀਦਕੋਟ ਸ਼ੂਗਰ ਮਿੱਲ ਨੂੰ ਇੱਥੋਂ ਤਬਦੀਲ ਨਹੀਂ ਕੀਤਾ ਜਾਵੇਗਾ ਅਤੇ ਜਿੰਨੀ ਜਲਦੀ ਹੋ ਸਕਿਆ, ਇਸ ਨੂੰ ਇੱਥੇ ਹੀ ਚਾਲੂ ਕਰ ਦਿੱਤਾ ਜਾਵੇਗਾ। ਸਰਕਾਰ ਦੇ ਇਸ ਭਰੋਸੇ ਤੋਂ ਬਾਅਦ ਗੁਰਦਿੱਤ ਸਿੰਘ ਸੇਖੋਂ ਨੇ ਆਪਣਾ ਮਰਨ ਵਰਤ ਵਾਪਸ ਲੈ ਲਿਆ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਜੂਸ ਪਿਲਾ ਕੇ ਮਰਨ ਵਰਤ ਖੁੱਲ੍ਹਵਾਇਆ।
ਸਿਹਤ ਮੰਤਰੀ ਅੱਜ ਸਾਰਾ ਦਿਨ ਫ਼ਰੀਦਕੋਟ ਵਿੱਚ ਹੀ ਰਹੇ। ਮਿੱਲ ਸਬੰਧੀ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਮੰਤਰੀ ਅਤੇ ਸਥਾਨਕ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਖੰਡ ਮਿੱਲ ਬਚਾਓ ਸੰਘਰਸ਼ ਕਮੇਟੀ ਨਾਲ ਤਿੰਨ ਮੀਟਿੰਗਾਂ ਕੀਤੀਆਂ। ਲੰਬੀ ਵਿਚਾਰ-ਚਰਚਾ ਤੋਂ ਬਾਅਦ ਸਿਹਤ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਫ਼ਰੀਦਕੋਟ ਦੀ ਖੰਡ ਮਿੱਲ 2016 ਵਿੱਚ ਉਸ ਵੇਲੇ ਦੀ ਕੈਬਨਿਟ ਨੇ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਕੈਬਨਿਟ ਵਿੱਚ ਹੋਏ ਫ਼ੈਸਲੇ ਨੂੰ ਕੈਬਨਿਟ ਵਿੱਚ ਹੀ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਫ਼ਰੀਦਕੋਟ ਦੀ ਸ਼ੂਗਰ ਮਿੱਲ ਇੱਥੇ ਹੀ ਚਲਾਉਣ ਦਾ ਭਰੋਸਾ ਦਿੱਤਾ ਹੈ। ਸਥਾਨਕ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਖਿਡਾਰੀ ਗੁਰਦਿੱਤ ਸਿੰਘ ਸੇਖੋਂ ਦਾ ਮਰਨ ਵਰਤ ਖੁਲ੍ਹਵਾਉਣ ਲਈ ਵਧੇਰੇ ਸਰਗਰਮ ਨਜ਼ਰ ਆਏ। ਦੱਸਣਯੋਗ ਹੈ ਕਿ ਖੰਡ ਮਿੱਲ ਬਚਾਉਣ ਲਈ ਫ਼ਰੀਦਕੋਟ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਨੇ 4 ਮਈ ਨੂੰ ਸਾਂਝਾ ਇਕੱਠ ਕਰਨ ਦਾ ਸੱਦਾ ਦਿੱਤਾ ਸੀ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੇ ਮਿੱਲ ਵਿਵਾਦ ਸਬੰਧੀ ਸਾਰੀਆਂ ਮੀਟਿੰਗਾਂ ਵਿੱਚ ਸ਼ਮੂਲੀਅਤ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੇ ਸਮੁੱਚੇ ਹਾਲਾਤ ਬਾਰੇ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਸੀ ਅਤੇ ਸਰਕਾਰ ਨੇ ਬਿਨਾਂ ਦੇਰੀ ਇਸ ਮੁੱਦੇ ’ਤੇ ਆਪਣਾ ਤਰਕਸੰਗਤ ਫ਼ੈਸਲਾ ਲਿਆ ਹੈ, ਜਿਸ ਨੂੰ ਸਾਰੀਆਂ ਧਿਰਾਂ ਨੇ ਸਵੀਕਾਰ ਕੀਤਾ ਹੈ। ਮਰਨ ਵਰਤ ਖ਼ਤਮ ਕਰਨ ਤੋਂ ਬਾਅਦ ਗੁਰਦਿੱਤ ਸਿੰਘ ਸੇਖੋਂ ਨੇ ਸਿਹਤ ਮੰਤਰੀ ਨੂੰ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਾਅਦਾਖ਼ਿਲਾਫ਼ੀ ਹੋਈ ਤਾਂ ਉਹ ਮੁੜ ਮਰਨ ਵਰਤ ’ਤੇ ਬੈਠਣ ਤੋਂ ਪਿੱਛੇ ਨਹੀਂ ਹਟਣਗੇ।