ਮੋਗਾ, 22 ਜੂਨ

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ 2018 ਏਸ਼ਿਆਈ ਖੇਡਾਂ ਦੌਰਾਨ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਜਿੱਤਣ ਵਾਲੇ ਇਥੋਂ ਨੇੜਲੇ ਪਿੰਡ ਖੋਸਾ ਪਾਂਡੋਂ ਦੇ ਤਜਿੰਦਰਪਾਲ ਸਿੰਘ ਤੂਰ ਨੇ 21.49 ਮੀਟਰ ਦੇ ਸ਼ਾਟਪੁੱਟ ਥ੍ਰੋਅ ਨਾਲ ਐੱਨਆਈਐੱਸ ਪਟਿਆਲਾ ਵਿਖੇ ਇੰਡੀਅਨ ਗ੍ਰਾਂ ਪ੍ਰੀ ਵਿਚ ਆਪਣਾ ਸਾਲ 2018 ’ਚ ਏਸ਼ਿਆਈ ਖੇਡਾਂ ’ਚ ਕਾਇਮ ਕੀਤਾ ਕੌਮੀ ਰਿਕਾਰਡ ਤੋੜਦਿਆਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਤੂਰ ਨੇ ਸੁਲਤਾਨ ਅਬਦੁੱਲਮਜੀਦ ਅਲ-ਹੇਬਸੀ ਦੇ 21.13 ਮੀਟਰ ਦੇ ਏਸ਼ਿਅਨ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਤੂਰ ਦਾ ਜਨਮ 13 ਨਵੰਬਰ 1994 ਨੂੰ ਮੋਗਾ ਨੇੜਲੇ ਪਿੰਡ ਖੋਸਾ ਪਾਂਡੋ ਪਿੰਡ ਵਿਖੇ ਕਿਸਾਨ ਪਰਿਵਾਰ ਵਿੱਚ ਹੋਇਆ। ਉਹ ਆਪਣੇ ਪਿਤਾ ਕਰਮ ਸਿੰਘ ਦੇ ਜੋਰ ਦੇਣ ’ਤੇ ਕ੍ਰਿਕਟ ਤੋਂ ਗੋਲਾ ਸੁੱਟਣ ਲੱਗ ਪਿਆ। ਉਸ ਦੇ ਚਾਚਾ ਨੇ ਉਸ ਨੂੰ ਗੁਰ ਸਿਖਾਏ। ਜੂਨ 2017 ਵਿੱਚ ਪਟਿਆਲਾ ਵਿੱਚ ਫੈਡਰੇਸ਼ਨ ਕੱਪ ਨੈਸ਼ਨਲ ਸੀਨੀਅਰ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਤੂਰ ਨੇ 20.40 ਮੀਟਰ ਦੀ ਆਪਣੀ ਸਭ ਤੋਂ ਵਧੀਆ ਆਊਟਡੋਰ ਥ੍ਰੋਅ ਨਾਲ ਰਿਕਾਰਡ ਬਣਾਇਆ ਪਰ ਇਹ 20.50 ਮੀਟਰ ਦੇ ਵਿਸ਼ਵ ਚੈਂਪੀਅਨਸ਼ਿਪ ਕੁਆਲੀਫਿਕੇਸ਼ਨ ਸਟੈਂਡਰਡ ਤੋਂ ਘੱਟ ਸੀ। ਅਗਲੇ ਮਹੀਨੇ ਵਿੱਚ ਉਸ ਨੇ ਭੁਵਨੇਸ਼ਵਰ ਵਿੱਚ 2017 ਦੀਆਂ ਏਸ਼ਿਆਈ ਅਥਲੈਟਿਕ ਚੈਂਪੀਅਨਸ਼ਿਪ ਵਿੱਚ 19.77 ਮੀਟਰ ਦੀ ਥ੍ਰੋ ਨਾਲ ਚਾਂਦੀ ਦਾ ਤਮਗਾ ਜਿੱਤਿਆ। ਸਿਰਫ 0.03 ਮੀਟਰ ਦੇ ਫਰਕ ਨਾਲ ਸੋਨੇ ਦਾ ਮੈਡਲ ਰਹਿ ਗਿਆ ਸੀ ਅਤੇ ਤੂਰ 2018 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ‘ਚ 19.42 ਮੀਟਰ ਗੋਲਾ ਸੁੱਟ ਕੇ ਅੱਠਵੇਂ ਸਥਾਨ ’ਤੇ ਆਇਆ ਸੀ। 25 ਅਗਸਤ 2018 ਨੂੰ ਤੂਰ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ 2018 ਏਸ਼ਿਆਈ ਖੇਡਾਂ ਦੌਰਾਨ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਜਿੱਤ ਲਿਆ ਹੈ।