ਬਠਿੰਡਾ, 11 ਜਨਵਰੀ
ਪੂਨੇ ’ਚ ਸ਼ੁਰੂ ਹੋਈਆ ‘ਖੇਲ੍ਹੋ ਇੰਡੀਆ ਯੂਥ ਗੇਮਜ਼’ ਦੇ ਮੁਕਾਬਲਿਆਂ ’ਚੋਂ ਪੰਜਾਬ ਨੇ ਜੇਤੂ ਸ਼ੁਰੂਆਤ ਕਰ ਦਿੱਤੀ ਹੈ। ਪੰਜਾਬ ਦੀ ਝੋਲੀ ’ਚ 3 ਸੋਨ ਤਗ਼ਮਿਆਂ ਸਮੇਤ ਕੁੱਲ 11 ਤਗ਼ਮੇ ਪੈ ਚੁੱਕੇ ਹਨ। ਲੜਕਿਆਂ ਦੇ 17 ਸਾਲ ਤੇ 21 ਸਾਲ ਵਰਗ ਦੀਆਂ ਹਾਕੀ ਟੀਮਾਂ ਵੀ ਸੈਮੀ ਫਾਈਨਲ ’ਚ ਪਹੁੰਚ ਗਈਆਂ ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਪੰਜਾਬੀ ਖਿਡਾਰੀਆਂ ਨੇ ਅਥਲੈਟਿਕਸ ਮੁਕਾਬਲਿਆਂ ’ਚੋਂ ਅੱਜ 2 ਸੋਨ, 1 ਚਾਂਦੀ ਅਤੇ 1 ਕਾਂਸੀ ਸਮੇਤ 4 ਤਗ਼ਮੇ ਜਿੱਤੇ ਹਨ। ਇਨ੍ਹਾਂ ’ਚੋਂ ਕੁੰਵਰ ਅਜੇ ਰਾਜ ਸਿੰਘ ਨੇ ਜੈਵਲਿਨ ਥ੍ਰੋ ’ਚੋਂ ਅਤੇ ਰੌਬਿਨਦੀਪ ਸਿੰਘ ਨੇ ਉੱਚੀ ਛਾਲ ’ਚੋਂ ਸੋਨ ਤਗ਼ਮਾ ਜਿੱਤਿਆ ਹੈ। ਕੁੰਵਰ ਅਜੇ ਰਾਜ ਸਿੰਘ ਨੇ ਤਾਂ 75.40 ਮੀਟਰ ਥ੍ਰੋ ਨਾਲ ਨਵਾਂ ਕੌਮੀ ਰਿਕਾਰਡ ਵੀ ਕਾਇਮ ਕੀਤਾ ਹੈ। ਇਸ ਤੋਂ ਇਲਾਵਾ ਅਰਪਨਦੀਪ ਕੌਰ ਬਾਜਵਾ ਨੇ ਡਿਸਕਸ ਥ੍ਰੋ ਮੁਕਾਬਲੇ ’ਚੋਂ 45 ਮੀਟਰ ਦੇ ਥ੍ਰੋਅ ਨਾਲ ਚਾਂਦੀ ਦਾ ਤਗਮਾ ਅਤੇ ਖੁਸ਼ਬੀਨ ਕੌਰ ਨੇ ਤੀਹਰੀ ਛਾਲ ’ਚੋਂ ਕਾਂਸੀ ਦਾ ਤਗਮਾ ਜਿੱਤਿਆ ਹੈ।
ਇਸ ਤੋਂ ਇਲਾਵਾ ਜੂਡੋ ਮੁਕਾਬਲਿਆਂ ’ਚ 17 ਸਾਲ ਵਰਗ ਦੇ ਲੜਕਿਆਂ ’ਚੋਂ ਮਨੀ ਸ਼ਰਮਾ ਨੇ 60 ਕਿਲੋ ਭਾਰ ਵਰਗ ’ਚੋਂ ਚਾਂਦੀ ਅਤੇ ਅਭਿਸ਼ੇਕ ਨੇ 55 ਕਿੱਲੋ ’ਚੋਂ ਚਾਂਦੀ ਦਾ ਤਗਮਾ ਜਿੱਤਿਆ ਹੈ। ਲੜਕੀਆਂ ਦੇ ਜੂਡੋ ਮੁਕਾਬਲੇ ’ਚੋਂ ਬਿੰਦੂ ਨੇ 40 ਕਿੱਲੋ ਭਾਰ ’ਚੋਂ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਇਲਾਵਾ ਕੁਸ਼ਤੀ ਦੇ 61 ਕਿਲੋ ਭਾਰ ਵਰਗ ਮੁਕਾਬਲਿਆਂ ’ਚੋਂ ਸੁਖਪ੍ਰੀਤ ਕੌਰ ਨੇ ਕਾਂਸੀ ਅਤੇ 69 ਕਿੱਲੋ ਭਾਰ ਵਰਗ ’ਚ ਅਨੂ ਨੇ ਵੀ ਕਾਂਸੀ ਦਾ ਤਗਮਾ ਜਿੱਤਿਆ ਹੈ।ਇਹ ਜਾਣਕਾਰੀ ਡਾਇਰੈਕਟਰ ਡਾ. ਅੰਮ੍ਰਿਤ ਕੌਰ ਗਿੱਲ ਅਤੇ ਸਟੇਟ ਸਪੋਰਟਸ ਮੈਨੇਜਰ ਗੁਰਲਾਲ ਸਿੰਘ ਰਿਆੜ ਨੇ ਦਿੱਤੀ ਹੈ।