ਬਠਿੰਡਾ, 21 ਸਤੰਬਰ

ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਨੇ ਸੰਸਦ ਵਿੱਚ ਪਾਸ ਹੋਏ ਖੇਤੀ ਬਿੱਲਾਂ ਵਿਰੁੱਧ ਇੱਥੇ ਅਨਾਜ ਮੰਡੀ ਵਿਚ ਧਰਨਾ ਲਾਇਆ। ਆਗੂਆਂ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਉਸ ਨੇ ਖੇਤੀ ਸਬੰਧੀ ਬਿੱਲ ਜਿਸ ‘ਜਾਬਰ’ ਢੰਗ ਨਾਲ ਰਾਜ ਸਭਾ ’ਚੋਂ ਪਾਸ ਕਰਵਾਏ, ਉਸ ਨੇ ਦੇਸ਼ ਦੇ ਜਮਹੂਰੀ-ਤੰਤਰ ਨੂੰ ਲੀਰੋ-ਲੀਰ ਕਰ ਦਿੱਤਾ ਹੈ। ਹਰਸਿਮਰਤ ਬਾਦਲ ਵੱਲੋਂ ਕੇਂਦਰੀ ਮੰਤਰੀ ਵਜੋਂ ਦਿੱਤੇ ਅਸਤੀਫ਼ੇ ਨੂੰ ‘ਛਲਾਵਾ’ ਗਰਦਾਨਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ-ਭਿਆਲੀ ਅਜੇ ਵੀ ਬਰਕਰਾਰ ਹੈ। ਆਗੂਆਂ ਨੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਬਿਪਤਾ ਦੇ ਇਸ ਮੌਕੇ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ‘ਪੰਜਾਬ ਦਾ ਰਾਖਾ’ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪਾਸ ਹੋਏ ਬਿੱਲਾਂ ਨੂੰ ਅਦਾਲਤ ਵਿਚ ਕਾਨੂੰਨੀ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਧਰਨਾਕਾਰੀਆਂ ਨੇ ‘ਕਿਸਾਨ ਵਿਰੋਧੀ ਬਿੱਲ-ਵਾਪਸ ਲਓ’, ‘ਕਿਸਾਨਾਂ ਦਾ ਦੁਸ਼ਮਣ ਕੇਂਦਰ-ਮੁਰਦਾਬਾਦ’ ਆਦਿ ਨਾਅਰੇ ਲਾਏ। ਧਰਨੇ ’ਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਗਿੱਲ, ਮਾਰਕੀਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੁੰਬਾ, ਵਾਈਸ ਚੇਅਰਮੈਨ ਅਸ਼ੋਕ ਭੋਲਾ, ਅਰੁਣ ਵਧਾਵਨ, ਸਤੀਸ਼ ਬੱਬੂ ਸਮੇਤ ਕਾਂਗਰਸ ਦੀ ਮੁਕਾਮੀ ਲੀਡਰਸ਼ਿਪ ਅਤੇ ਵਰਕਰ ਸ਼ਾਮਲ ਸਨ।