ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਸਾਂ ਨੂੰ ਲੈ ਕੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਅਤੇ ਪੰਜਾਬ ਸਰਕਾਰ ‘ਤੇ ਤਿੱਖੇ ਜ਼ਬਾਨੀ ਹਮਲੇ ਕੀਤੇ।ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਤਿੰਨ ਤਖਤਾਂ ਤੋਂ ਸ਼ੁਰੂ ਕੀਤੇ ਰੋਸ ਮਾਰਚ ਤਹਿਤ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਖਤ ਸ਼੍ਰੀ ਦਮਦਮਾ ਸਹਿਬ ਵਿਖੇ ਨਤਮਸਕ ਹੋ ਕੇ ਕਿਸਾਨਾਂ ਦੇ ਹੱਕ ਵਿੱਚ ਲੜਾਈ ਲੜ ਕੇ ਫਤਹਿ ਕਰਨ ਦੀ ਅਰਦਾਸ ਕੀਤੀ।ਇਸ ਮੌਕੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੀ ਅਵਾਜ਼ ਬਲੰਦ ਕੀਤੀ ਹੈ ਅਤੇ ਇਸਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ।ਬੀਬਾ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰ ਸਰਕਾਰ ਨੂੰ ਖੇਤੀ ਆਰਡੀਨੈਸ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਦੇ ਸ਼ਿੰਕੇ ਦੂਰ ਕਰਨ ਲਈ ਕਿਹਾ ਸੀ,ਜਦੋਂ ਕੇਂਦਰ ਸਰਕਾਰ ਵਲੋਂ ਲੋਕਤੰਤਰ ਦੀਆਂ ਧੱਜੀਆਂ ਉਡਾਉਂਦੇ ਹੋਏ ਆਰਡੀਨੈਸਾਂ ਨੂੰ ਪਾਸ ਕੀਤਾ, ਤਾਂ ਉਨ੍ਹਾਂ ਨੇ ਉਸੇ ਵਕਤ ਹੀ ਵਜ਼ਾਰਤ ਦੀ ਕੁਰਸੀ ਛੱਡ ਕੇ ਕਿਸਾਨਾਂ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ ਸੀ।

ਸੰਸਦ ਮੈਂਬਰ ਨੇ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਜ਼ਬਾਨੀ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਵਿਧਾਨ ਸਭਾ ਅੰਦਰ ਖੇਤੀ ਕਾਨੂੰਨਾਂ ਖਿਲਾਫ਼ ਪਾਸ ਕੀਤਾ ਮਤਾ ਕੇਂਦਰ ਸਰਕਾਰ ਨੂੰ ਨਾ ਭੇਜ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਅਤੇ ਇਸਦੇ ਨਾਲ ਕਾਂਗਰਸ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ।ਬੀਬਾ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਤਖਤ ਸਹਿਬਾਂ ਤੋਂ ਸ਼ੁਰੂ ਕੀਤੇ ਕਿਸਾਨ ਮਾਰਚ ਰਾਹੀਂ ਰਾਸਟਰਪਤੀ ਦੇ ਨਾਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਖੇਤੀ ਕਾਨੂੰਨਾਂ ਰੱਦ ਕਰਕੇ ਨਵੇਂ ਕਾਨੂੰਨ ਬਣਾਉਣ ਦੀ ਗੱੱਲ ਕਹੀ ਜਾਵੇਗੀ।ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਮੰਗ ਹੈ ਕਿ ਕੇਂਦਰ ਸਰਕਾਰ ਇੰਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਨਵੇਂ ਕਾਨੂੰਨ ਬਣਾਵੇ, ਜਿਸ ਵਿੱਚ ਐਮਐਸਪੀ ਅਤੇ ਸਰਕਾਰੀ ਖਰੀਦ ਜਾਰੀ ਰੱਖਣ ਦਾ ਭਰੋਸਾ ਦਿੱਤਾ ਜਾਵੇ।

ਬੀਬਾ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਦੀ ਰਖਵਾਲੀ ਕਰਦੇ ਹੋਏ ਇੰਨ੍ਹਾਂ ਖੇਤੀ ਕਾਨੂੰਨ ਨੂੰ ਰੱਦ ਕਰਵਾ ਕੇ ਹੀ ਰਹੇਗਾ।ਇਸ ਲਈ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹੈ ਹਨ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਵੀਰਵਾਰ ਨੂੰ ਤਿੰਨ ਤਖਤਾਂ ਤੋਂ ਕਿਸਾਨ ਮਾਰਚ ਸ਼ੁਰੂ ਕਰਕੇ ਰਾਜਪਾਲ ਨੂੰ ਮਿਲਣ ਦਾ ਪ੍ਰੋਗਰਾਮ ਤਹਿ ਕੀਤਾ ਹੋਇਆ ਹੈ।ਅਕਾਲ ਤਖਤ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਕਿਸਾਨ ਮਾਰਚ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਲਜੀਤ ਸਿੰਘ ਚੀਮਾ ਕਿਸਾਨ ਮਾਰਚ ਦੀ ਅਗਵਾਈ ਕਰਦੇ ਹੋਏ ਚੰਡੀਗੜ੍ਹ ਪਹੁੰਚਣਗੇ।