ਲੰਬੀ, 5 ਨਵੰਬਰ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬੈਨਰ ਹੇਠ ਅੱਜ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ 2020 ਖਿਲਾਫ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਨਾਲ ਕਦਮਤਾਲ ਮਿਲਾਉਂਦਿਆਂ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ, ਖੇਤ ਮਜ਼ਦੂਰਾਂ, ਬਿਜਲੀ ਕਾਮਿਆਂ, ਆਰ ਐਮ ਪੀ ਡਾਕਟਰਾਂ, ਅਧਿਆਪਕਾਂ ਤੇ ਤਰਕਸ਼ੀਲਾਂ ਵੱਲੋਂ ਲੰਬੀ ਵਿਖੇ ਡੱਬਵਾਲੀ-ਮਲੋਟ ਨੈਸ਼ਨਲ ਹਾਈਵੇ ‘ਤੇ ਜਾਮ ਲਾਇਆ ਤੇ ਧਰਨਾ ਆਰੰਭ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਆਖਿਆ ਕਿ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਵੱਲੋਂ ਵਿੱਢੇ ਵਿਸ਼ਾਲ, ਲੰਮੇ ਤੇ ਸਿਰੜੀ ਘੋਲ਼ ਤੋਂ ਭੜਕਾਹਟ ਵਿੱਚ ਆਕੇ ਪੰਜਾਬ ਵਾਸੀਆਂ ਦੀ ਨਾਕਾਬੰਦੀ ਕਰਨ ਵਰਗੇ ਕੋਝੇ ਹਥਕੰਡੇ ਅਪਣਾ ਰਹੀ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਘੋਲ਼ ਪੰਜਾਬ ਤੋਂ ਅੱਗੇ ਸਮੁੱਚੇ ਮੁਲਕ ’ਚ ਫ਼ੈਲ ਗਿਆ ਹੈ ਜਿਸਦੀ ਕਾਰਪੋਰੇਟ ਘਰਾਣਿਆਂ ਦੀ ਦਲਾਲ ਭਾਜਪਾ ਹਕੂਮਤ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਇਕੱਠ ਨੂੰ ਕਿਸਾਨ ਆਗੂ ਗੁਰਪਾਸ਼ ਸਿੰਘ , ਮਲਕੀਤ ਸਿੰਘ ਗੱਗੜ, ਭੁਪਿੰਦਰ ਸਿੰਘ ਚੰਨੂੰ, ਮਨੋਹਰ ਸਿੰਘ ਸਿੱਖਾਂਵਾਲਾ,ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਆਦਿ ਨੇ ਸੰਬੋਧਨ ਕੀਤਾ। ਇਸਦੇ ਇਲਾਵਾ ਮੰਡੀ ਕਿੱਲਿਆਂਵਾਲੀ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੀ ਕਿਸਾਨ ਯੂਨੀਅਨ ਦੇ ਕਰੀਬ ਦੋ-ਤਿੰਨ ਦਰਜਨ ਕਾਰਕੁਨਾਂ ਨੇ ਪੰਜਾਬ ਹਰਿਆਣਾ ਸਰਹੱਦ ਉੱਪਰ ਜਾਮ ਲਾਇਆ।