ਫਤਹਿਗੜ੍ਹ ਸਾਹਿਬ, 6 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਅੱਜ ਭਾਜਪਾ ਦੇ 11 ਅਹੁਦੇਦਾਰਾਂ ਨੇ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਨ੍ਹਾਂ ਵਿਚ ਮੰਡਲ, ਜ਼ਿਲ੍ਹਾ ਅਤੇ ਸੂਬਾ ਅਹੁਦੇਦਾਰ ਸ਼ਾਮਲ ਹਨ। ਇਨ੍ਹਾਂ ਅਹੁਦੇਦਾਰਾਂ ਨੇ ਪੱਤਰ ਵੀ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਭੇਜਿਆ ਹੈ, ਜਿਸ ਵਿਚ ਅਹੁਦੇਦਾਰੀ ਤੋਂ ਅਸਤੀਫ਼ੇ ਦੇਣ ਦੀ ਪੇਸ਼ਕਸ਼ ਕੀਤੀ ਹੈ। ਅਸਤੀਫ਼ਾ ਦੇਣ ਵਾਲ਼ਿਆਂ ਵਿਚ ਗੁਰਦੀਪ ਸਿੰਘ ਜੰਜੂਆ ਤੇ ਤਰਸੇਮ ਸਿੰਘ ਜੰਜੂਆ ਦੋਵੇਂ ਸੂਬਾ ਸਕੱਤਰ ਭਾਜਪਾ ਕਿਸਾਨ ਮੋਰਚਾ, ਦਰਸ਼ਨ ਸਿੰਘ ਬੱਬੀ ਚੇਅਰਮੈਨ, ਮੰਡਲ ਪ੍ਰਧਾਨ ਸਰਹਿੰਦ ਮਨੋਜ ਗੁਪਤਾ, ਰਾਜਿੰਦਰ ਸਿੰਘ ਮੰਡਲ ਪ੍ਰਧਾਨ ਖਮਾਣੋਂ, ਜਗਵਿੰਦਰ ਸਿੰਘ ਮੰਡਲ ਪ੍ਰਧਾਨ ਸ਼ਮਸ਼ਪੁਰ, ਜਸਵੰਤ ਸਿੰਘ ਧਨੌਲਾ ਵਾਈਸ ਪ੍ਰਧਾਨ ਖਮਾਣੋਂ, ਜਸਵੰਤ ਸਿੰਘ ਮੋਹਣਾ ਵਾਈਸ ਪ੍ਰਧਾਨ ਕਿਸਾਨ ਮੋਰਚਾ ਫਤਹਿਗੜ੍ਹ ਸਾਹਿਬ, ਗੁਰਸੇਵਕ ਸਿੰਘ ਵਾਈਸ ਪ੍ਰਧਾਨ ਸਮਸਪੁਰ, ਤੇਜਿੰਦਰ ਸਿੰਘ ਲਾਡੀ ਜਨਰਲ ਸਕੱਤਰ ਅਤੇ ਨਰਿੰਦਰ ਸਿੰਘ ਚਨਾਰਥਲ ਸਾਬਕਾ ਮੰਡਲ ਪ੍ਰਧਾਨ ਚਨਾਰਥਲ ਸ਼ਾਮਲ ਹਨ। ਆਗੂਆਂ ਨੇ ਕੇਵਲ ਆਪਣੇ ਅਹੁਦਿਆਂ ਤੋਂ ਹੀ ਅਸਤੀਫ਼ੇ ਦਿੱਤੇ ਹਨ ਪਰ ਪਾਰਟੀ ਦੀ ਮੈਂਬਰਸ਼ਿਪ ਬਰਕਰਾਰ ਰੱਖੀ ਹੋਈ ਹੈ।