ਚੰਡੀਗੜ੍ਹ,
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਦੀ ਮੁਕੰਮਲ ਮੁਆਫ਼ੀ ਲਈ ਤਜਵੀਜ਼ ਰੱਖੀ ਹੈ। ਚੰਨੀ ਨੇ ਪੇਸ਼ਕਸ਼ ਕੀਤੀ ਹੈ ਕਿ ਪੰਜਾਬ ਸਰਕਾਰ ਮੁਕੰਮਲ ਕਰਜ਼ਾ ਮੁਆਫ਼ੀ ਲਈ ‘ਕੇਂਦਰ-ਰਾਜ ਹਿੱਸੇਦਾਰੀ’ ਤਹਿਤ ਆਪਣਾ ਹਿੱਸਾ ਪਾਉਣ ਲਈ ਤਿਆਰ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਇਸ ਪਾਸੇ ਕਦਮ ਉਠਾਏ। ਚੇਤੇ ਰਹੇ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਹੁਣ ਕਿਸਾਨ ਧਿਰਾਂ ਵੱਲੋਂ ਆਪਣੇ ਮੂੰਹ ਪੰਜਾਬ ਵੱਲ ਕੀਤੇ ਜਾਣੇ ਹਨ, ਜਿਸ ਦੇ ਡਰੋਂ ਮੁੱਖ ਮੰਤਰੀ ਚੰਨੀ ਭਵਿੱਖੀ ਰਣਨੀਤੀ ਘੜਨ ਲੱਗੇ ਹਨ। ਕਾਂਗਰਸ ਸਰਕਾਰ ਨੇ ਚੋਣਾਂ ਵਿਚ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ। ਚੰਨੀ ਸਰਕਾਰ ਇਸ ਮਾਮਲੇ ’ਤੇ ਹੁਣ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿਚ ਸੁੱਟਣ ਲੱਗੀ ਹੈ। ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਨੂੰ ਭਾਵੁਕ ਸੁਰ ’ਚ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਕਿਸਾਨਾਂ ਅਤੇ ਖੇਤ ਕਾਮਿਆਂ ਦਾ ਕਰਜ਼ਾ ਹਮੇਸ਼ਾ ਲਈ ਖ਼ਤਮ ਕਰਨ ਵਾਸਤੇ ਇੱਕ ਢੁਕਵੇਂ ਅਨੁਪਾਤ ਵਾਲੀ ਕੇਂਦਰ ਅਤੇ ਸੂਬੇ ਦੀ ਸਾਂਝੀ ਯੋਜਨਾ ਸਮਾਂਬੱਧ ਅਤੇ ਲੋੜਾਂ ਮੁਤਾਬਕ ਉਲੀਕੀ ਜਾਣੀ ਚਾਹੀਦੀ ਹੈ। ਉਨ੍ਹਾਂ ਲਿਖਿਆ ਕਿ ਪੰਜਾਬ ਸਰਕਾਰ ਵਿੱਤੀ ਸੰਕਟ ਦੇ ਬਾਵਜੂਦ ਕਿਸਾਨੀ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ, ‘‘ਆਓ, ਅੱਜ ਹੀ ਅਸੀਂ ਇੱਕ ਨਵੀਂ ਸ਼ੁਰੂਆਤ ਕਰੀਏ ਅਤੇ ਖੇਤੀਬਾੜੀ ਦੇ ਸਮੁੱਚੇ ਢਾਂਚੇ ਸੰਵਾਰਨ ਦੀ ਦਿਸ਼ਾ ਵਿਚ ਕੰਮ ਕਰੀਏ।’’ ਚੰਨੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲੇਖਾ-ਜੋਖਾ ਕਰਨਗੀਆਂ ਕਿ ਸਰਕਾਰਾਂ ਨੇ ਅੰਨਦਾਤੇ ਲਈ ਅਤੇ ਜਮਹੂਰੀ ਸੰਘਰਸ਼ ਲੜਨ ਵਾਲਿਆਂ ਲਈ ਕੀ ਕੀਤਾ। ਉਨ੍ਹਾਂ ਇਤਿਹਾਸ ਵਿਚ ਨਾਮ ਦਰਜ ਕਰਨ ਲਈ ਫ਼ੌਰੀ ਕਦਮ ਚੁੱਕਣ ਦੀ ਗੱਲ ਵੀ ਰੱਖੀ ਹੈ। ਚੰਨੀ ਨੇ ਲਿਖਿਆ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਹੁਣ ਬਕਾਇਆ ਮੁੱਦੇ ਵੀ ਹੱਲ ਕੀਤੇ ਜਾਣੇ ਬਣਦੇ ਹਨ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਖੇਤੀ ਕਰਜ਼ੇ ਦਾ ਮੁੱਦਾ ਵੀ ਹੈ। ਮੁੱਖ ਮੰਤਰੀ ਚੰਨੀ ਨੇ ਪੱਤਰ ਵਿੱਚ ਹਵਾਲਾ ਦਿੱਤਾ ਕਿ ਲੰਘੇ ਦਿਨੀਂ ਕਿਸਾਨਾਂ ਦੇ ਵਫ਼ਦ ਨੇ ਉਨ੍ਹਾਂ ਨਾਲ ਮੀਟਿੰਗ ਕਰਕੇ ਕਰਜ਼ਾ ਮੁਆਫ਼ੀ ਦਾ ਮੁੱਦਾ ਉਠਾਇਆ ਸੀ। ਦੂਸਰੀ ਤਰਫ਼ ਕਿਸਾਨ ਆਗੂ ਆਖਦੇ ਹਨ ਕਿ ਚੰਨੀ ਸਰਕਾਰ ਕਿਸਾਨਾਂ ਦੇ ਨਵੇਂ ਸੰਘਰਸ਼ੀ ਹੱਲੇ ਤੋਂ ਡਰਦਿਆਂ ਹੁਣ ਤੋਂ ਹੀ ਪੇਸ਼ਬੰਦੀਆਂ ਕਰਨ ਲੱਗੀ ਹੈ। ਚੰਨੀ ਨੇ ਪੰਜਾਬ ਦੇ ਕਿਸਾਨਾਂ ਦੇ ਅਨਾਜ ਪੈਦਾਵਾਰ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਡੇ ਸਵੈ-ਮਾਣ ਵਾਲੇ ਕਿਸਾਨਾਂ ਨੇ ਆਪਣੇ ਆਪ ਨੂੰ ਕਰਜ਼ੇ ਦੇ ਬੋਝ ਥੱਲੇ ਦੱਬ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਇਨ੍ਹਾਂ ਦਾ ਬੋਝ ਸਹਿਣ ਕਰੇ ਅਤੇ ਖੇਤੀ ਕਰਜ਼ੇ ਦਾ ਮੁਕੰਮਲ ਨਿਪਟਾਰਾ ਕਰ ਦੇਵੇ।