ਅੰਮ੍ਰਿਤਸਰ, 10 ਸਤੰਬਰ
ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ-2020 ਖ਼ਿਲਾਫ਼ ਜੇਲ੍ਹ ਭਰੋ ਮੋਰਚੇ ਤਹਿਤ ਚਾਰ ਦਿਨਾਂ ਤੋਂ ਦਿਨ ਰਾਤ ਦਾ ਧਰਨਾ ਦੇ ਰਹੀ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਇਹ ਬਿੱਲ ਰੱਦ ਕਰਾਉਣ ਲਈ ਗ੍ਰਿਫ਼ਤਾਰੀਆਂ ਨਾ ਕੀਤੇ ਜਾਣ ਦੀ ਸੂਰਤ ਵਿਚ ਕੱਲ੍ਹ ਤੋਂ ਜੇਲ੍ਹ ਅੱਗੇ ਗ੍ਰਿਫ਼ਤਾਰੀ ਲਈ ਪੇਸ਼ ਹੋਣਗੇ। ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ ਨੰਗਲ, ਜਰਮਨਜੀਤ ਸਿੰਘ ਨੇ ਆਖਿਆ ਕਿ ਚਾਰ ਦਿਨਾਂ ਤੋਂ ਖੇਤੀ ਬਿੱਲਾਂ ਖਿਲਾਫ ਗ੍ਰਿਫ਼ਤਾਰੀ ਲਈ ਜਥੇ ਪੇਸ਼ ਕੀਤੇ ਹਨ ਪਰ ਹੁਣ ਤਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਇਸ ਰੁਖ ਤੋਂ ਖ਼ਫਾ ਹਨ ਅਤੇ ਕੱਲ੍ਹ ਤੋਂ ਸਿੱਧਾ ਜੇਲ੍ਹਾਂ ਅੱਗੇ ਗ੍ਰਿਫ਼ਤਾਰੀ ਲਈ ਜਾਣਗੇ। ਅੱਜ ਜੇਲ੍ਹ ਭਰੋ ਮੋਰਚੇ ਤਹਿਤ ਗ੍ਰਿਫ਼ਤਾਰੀ ਕਰਨ ਵਾਲੇ ਜਥੇ ਦੀ ਅਗਵਾਈ ਗੁਰਦੇਵ ਸਿੰਘ ਗੱਗੋਮਾਹਲ, ਹਰਪਿੰਦਰ ਸਿੰਘ ਨੇ ਕੀਤੀ। ਇਸ ਮੌਕੇ ਅਮਰਦੀਪ ਸਿੰਘ ਗੋਪੀ, ਸਕੱਤਰ ਸਿੰਘ, ਬਲਦੇਵ ਸਿੰਘ ਕਲੇਰ, ਹਰਜਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਦਿਆਲ ਸਿੰਘ ਤੇ ਹੋਰ ਹਾਜ਼ਰ ਸਨ।