ਚੰਡੀਗੜ੍ਹ, 24 ਜੁਲਾਈ
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਆਪਣੀ ਸਰਕਾਰੀ ਰਿਹਾਇਸ਼ ’ਤੇ ਤੀਜੀਆਂ ਪੈਰਾ ਏਸ਼ਿਆਈ ਖੇਡਾਂ ਦੇ ਤਮਗ਼ਾ ਜੇਤੂਆਂ ਨੂੰ ਮਾਨਤਾ ਦਿੰਦਿਆਂ ਸੂਬਾ ਸਰਕਾਰ ਦੀ ਤਮਗ਼ਾ ਜੇਤੂਆਂ ਨੂੰ ਨਗਦ ਰਾਸ਼ੀ ਦੇਣ ਦੀ ਵਚਨਬੱਧਤਾ ਪੂਰੀ ਕੀਤੀ। ਉਨ੍ਹਾਂ ਪੈਰਾ ਏਸ਼ਿਆਈ ਖੇਡਾਂ ਵਿਚ ਕਾਂਸੀ ਦੇ ਤਮਗ਼ੇ ਜਿੱਤਣ ਵਾਲੇ ਤਿੰਨ ਖਿਡਾਰੀਆਂ ਨੂੰ 1.5 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ।
ਜਕਾਰਤਾ (ਇੰਡੋਨੇਸ਼ੀਆ) ਵਿਚ 6 ਤੋਂ 13 ਅਕਤੂਬਰ, 2018 ਦੌਰਾਨ ਹੋਈਆਂ ਤੀਜੀਆਂ ਪੈਰਾ ਏਸ਼ਿਆਈ ਖੇਡਾਂ ਵਿਚ ਕਾਂਸੇ ਦੇ ਤਮਗ਼ੇ ਜਿੱਤਣ ਵਾਲੇ ਪਾਵਰ ਲਿਫਟਰ ਪਰਮਜੀਤ ਕੁਮਾਰ (ਜਲੰਧਰ), ਸ਼ਾਟ-ਪੁੱਟ ਖਿਡਾਰੀ ਮੁਹੰਮਦ ਯਾਸੀਰ (ਸੰਗਰੂਰ) ਅਤੇ ਬੈਡਮਿੰਟਨ ਖਿਡਾਰੀ ਰਾਜ ਕੁਮਾਰ (ਪਟਿਆਲਾ) ਨੂੰ 50-50 ਲੱਖ ਰੁਪਏ ਦੀ ਰਾਸ਼ੀ ਦਿੰਦਿਆਂ ਰਾਣਾ ਸੋਢੀ ਨੇ ਤਿੰਨਾਂ ਖਿਡਾਰੀਆਂ ਨੂੰ ਆਪਣੇ ਨਿਰਧਾਰਤ ਟੀਚੇ ਹੋਰ ਮਿਹਨਤ ਨਾਲ ਪੂਰੇ ਕਰਨ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਖਿਡਾਰੀਆਂ ਨੂੰ ਵਿੱਤੀ ਸਹਾਇਤਾ, ਬੁਨਿਆਦੀ ਢਾਂਚਾ ਅਤੇ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਸਣੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਰਾਣਾ ਸੋਢੀ ਨੇ ਦੱਸਿਆ ਕਿ ਤਮਗ਼ਾ ਜੇਤੂਆਂ ਨੂੰ ਨਗ਼ਦ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਸਬੰਧੀ ਖੇਡ ਵਿਭਾਗ ਨੇ ਖਿਡਾਰੀਆਂ ਦੀਆਂ ਪ੍ਰਾਪਤ ਅਰਜ਼ੀਆਂ ਦੀ ਪੜਤਾਲ ਕੀਤੀ ਅਤੇ 1101 ਤਮਗ਼ਾ ਜੇਤੂਆਂ ਦੀ ਸੂਚੀ ਬਣਾਈ ਹੈ। ਇਨ੍ਹਾਂ ਖਿਡਾਰੀਆਂ ਨੂੰ ਪੰਜਾਬ ਸਰਕਾਰ ਸਤੰਬਰ ਮਹੀਨੇ ਤਕ 4,85,46,100 ਰੁਪਏ ਦੀ ਪੁਰਸਕਾਰ ਰਾਸ਼ੀ ਨਾਲ ਸਨਮਾਨਿਤ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ ਹੋਰ ਸਹੂਲਤਾਂ ਦੇਣ ਲਈ ਵਿਆਪਕ ਖੇਡ ਨੀਤੀ-2018 ਨੂੰ ਮਾਰਚ 2019 ਵਿਚ ਨੋਟੀਫਾਈ ਕੀਤਾ ਗਿਆ ਸੀ, ਜਿਸ ਤਹਿਤ ਨਗਦ ਪੁਰਸਕਾਰਾਂ ਦੀ ਰਾਸ਼ੀ ਵਿਚ ਚਾਰ ਗੁਣਾ ਵਾਧਾ ਕੀਤਾ ਗਿਆ। ਖੇਡ ਵਿਭਾਗ ਨੇ ਨਵੀਂ ਨੀਤੀ ਅਨੁਸਾਰ ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ 2018 ਦੇ ਜੇਤੂਆਂ ਨੂੰ ਵਧੇ ਹੋਏ ਨਗਦ ਪੁਰਸਕਾਰ ਵੰਡੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਏਸ਼ੀਅਨ ਖੇਡਾਂ ਦੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗ਼ਾ ਜੇਤੂਆਂ ਲਈ ਨਗਦ ਪੁਰਸਕਾਰ ਕ੍ਰਮਵਾਰ 26 ਲੱਖ, 16 ਲੱਖ ਅਤੇ 11 ਲੱਖ ਰੁਪਏ ਦਿੱਤੇ ਜਾਂਦੇ ਸਨ, ਜਿਨ੍ਹਾਂ ਨੂੰ ਵਧਾ ਕੇ ਕ੍ਰਮਵਾਰ 1 ਕਰੋੜ, 75 ਲੱਖ ਰੁਪਏ ਅਤੇ 50 ਲੱਖ ਰੁਪਏ ਕੀਤਾ ਗਿਆ ਹੈ। ਇਸ ਮੌਕੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਡਾਇਰੈਕਟਰ ਡੀ.ਪੀ.ਐੱਸ. ਖਰਬੰਦਾ, ਡਿਪਟੀ ਡਾਇਰੈਕਟਰ ਕਰਤਾਰ ਸਿੰਘ ਤੇ ਜਸਵੰਤ ਜ਼ਫ਼ਰ ਹਾਜ਼ਰ ਸਨ।