ਨਵੀਂ ਦਿੱਲੀ, ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਭਾਰਤੀ ਖੇਡਾਂ ’ਚੋਂ ਰਾਜਨੀਤੀ ਨੂੰ ਖ਼ਤਮ ਕੀਤੇ ਜਾਣ ਦੀ ਵਕਾਲਤ ਕੀਤੀ ਹੈ। ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਣਜੀਤ ਰੰਜਨ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਖੇਡ ਮੰਤਰੀ ਨੇ ਇਹ ਟਿੱਪਣੀ ਕੀਤੀ। ਕਾਂਗਰਸ ਸਾਂਸਦ ਨੇ ਸਾਬਕਾ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਨਾ ਮਿਲਣ ਦਾ ਕਾਰਨ ਪੁੱਛਿਆ ਸੀ। ਸਾਂਸਦ ਨੇ ਖੇਡ ਮੰਤਰੀ ਨੂੰ ਸਵਾਲ ਕੀਤਾ ਸੀ ਕਿ ਸਰਕਾਰ ਸਾਬਕਾ ਖਿਡਾਰੀਆਂ ਨੂੰ ਨੌਕਰੀ ਦੇਣ ਜਾਂ ਉਨ੍ਹਾਂ ਦਾ ਮਾਲੀ ਹਾਲਤ ਸੁਧਾਰਨ ਲਈ ਕੀ ਕਰ ਰਹੀ ਹੈ? ਰਾਠੌੜ ਨੇ ਸਵਾਲ ਦੇ ਜਵਾਬ ’ਚ ਕਿਹਾ ਕਿ ਭਾਰਤੀ ਖੇਡਾਂ ’ਚੋਂ ਰਾਜਨੀਤੀ ਨੂੰ ਖ਼ਤਮ ਕੀਤਾ ਜਾਵੇ। ਇਸ ਦੌਰਾਨ ਜਗਦੰਬਿਕਾ ਪਾਲ ਵੱਲੋਂ ਪੁੱਛੇ ਪੂਰਕ ਸਵਾਲ ਦੇ ਜਵਾਬ ’ਚ ਰਾਠੌਰ ਨੇ ਕਿਹਾ ਕਿ ਮਣੀਪੁਰ ਵਿੱਚ ਜਲਦੀ ਹੀ ਕੌਮੀ ਖੇਡ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ ਤੇ ਹੋਰਨਾਂ ਰਾਜਾਂ ’ਚ ਇਸ ਦੇ ਕੇਂਦਰ ਖੋਲ੍ਹੇ ਜਾਣਗੇ।
ਇਸ ਦੌਰਾਨ ਖੇਡ ਮੰਤਰੀ ਨੇ ਕਿਹਾ ਕਿ ਸਰਕਾਰ ਸਕੂਲਾਂ ਤੇ ਰਾਜਾਂ ਦੀ ਭਾਈਵਾਲੀ ਨਾਲ ਸਕੂਲ ਪੱਧਰ ’ਤੇ ਅੱਠ ਸਾਲ ਤਕ ਬੱਚਿਆਂ ਦੇ ਖੇਡ ਹੁਨਰ ਦੀ ਪਛਾਣ ਕਰੇਗੀ ਤੇ ਇਸ ਤਰ੍ਹਾਂ 2014 ਤੇ 2028 ਦੇ ਓਲੰਪਿਕ ਲਈ ਦੇਸ਼ ਵਿੱਚ ਹੀ ਖਿਡਾਰੀ ਤਿਆਰ ਹੋਣਗੇ। ਪਾਰਟੀ ਸਾਂਸਦ ਅਨੁਰਾਗ ਠਾਕੁਰ ਵੱਲੋਂ ਪੁੱਛੇ ਪੂਰਕ ਪ੍ਰਸ਼ਨ ਦਾ ਜਵਾਬ ਦਿੰਦਿਆਂ ਰਾਠੌੜ ਨੇ ਕਿਹਾ ਕਿ ਸਰਕਾਰ ਨੇ ‘ਖੇਲੋ ਇੰਡੀਆ’ ਤਹਿਤ ਇਕ ਯੋਜਨਾ ਸ਼ੁਰੂ ਕੀਤੀ ਹੈ, ਜਿਸ ਵਿੱਚ ਸਕੂਲਾਂ ਦੇ ਅੱਠ ਸਾਲ ਤੋਂ 12 ਸਾਲ ਤਕ ਦੇ ਬੱਚਿਆਂ ਦੀ ਮੈਪਿੰਗ ਕੀਤੀ ਜਾਵੇਗੀ। ਇਸ ਵਿੱਚ ਰਾਜਾਂ ਤੇ ਸਕੂਲਾਂ ਦੀ ਭਾਈਵਾਲੀ ਨਾਲ ਕੰਮ ਹੋਵੇਗਾ। ਮੰਤਰੀ ਨੇ ਕਿਹਾ ਕਿ ਇਸ ਨਾਲ 16 ਸਾਲ ਦੀ ਉਮਰ ਤਕ ਦੇਸ਼ ਨੂੰ ਚੰਗੇ ਖਿਡਾਰੀ ਮਿਲਣਗੇ ਤੇ 2024 ਤੇ 2028 ਦੇ ਓਲੰਪਿਕ ਵਿੱਚ ਹਿੱਸਾ ਲੈਣ ਲਈ ਖਿਡਾਰੀ ਤਿਆਰ ਹੋਣਗੇ। ਦੂਜੇ ਮੁਲਕਾਂ ਦੀ ਥਾਂ ਦੇਸ਼ ਵਿੱਚ ਹੀ ਟਰੇਨਰਾਂ ਨੂੰ ਟ੍ਰੇਨਿੰਗ ਦੀਆਂ ਸਹੂਲਤਾਂ ਦਾ ਢਾਂਚਾ ਤਿਆਰ ਕਰਨ ਦੇ ਸਵਾਲ ’ਤੇ ਖੇਡ ਮੰਤਰੀ ਨੇ ਕਿਹਾ ਕ ਮਾਹੌਲ ਤੇ ਹਾਲਾਤ ਮੁਤਾਬਕ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਰਕਾਰ ਮੁਲਕ ਦੀਆਂ ਉਚਾਈ ਵਾਲੀਆਂ ਠੰਢੀਆਂ ਥਾਵਾਂ ’ਤੇ ਸਿਖਲਾਈ ਕੇਂਦਰ ਸਥਾਪਤ ਕਰਨ ’ਤੇ ਵਿਚਾਰ ਕਰ ਰਹੀ ਹੈ ਤੇ ਇਸ ਲਿਹਾਜ਼ ਨਾਲ ਖੇਲੋ ਇੰਡੀਆ ਤਹਿਤ 380 ਕਰੋੜ ਰੁਪਏ ਦੇ 70 ਪ੍ਰਾਜੈਕਟਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਤਗ਼ਮਾ ਜਿੱਤਣ ’ਤੇ ਮਿਲਣ ਵਾਲੀ ਪੂਰੀ ਰਾਸ਼ੀ ਪ੍ਰਮੁੱਖ ਕੋਚ ਨੂੰ ਦਿੱਤੀ ਜਾਂਦੀ ਸੀ, ਪਰ ਸ਼ੁਰੂਆਤੀ ਪੱਧਰ ’ਤੇ ਮਿਹਨਤ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ 40 ਫੀਸਦ ਰਾਸ਼ੀ ਪ੍ਰਮੁੱਖ ਕੋਚ ਨੂੰ ਜਦੋਂਕਿ 30-30 ਫੀਸਦ ਰਾਸ਼ੀ ਸ਼ੁਰੂਆਤੀ ਸਿਖਲਾਈ ਦੇਣ ਵਾਲੇ ਕੋਚਾਂ ਤੇ ਇੰਟਰਮੀਡੀਏਟ ਕੋਚ ਨੂੰ ਦਿੱਤੀ ਜਾਵੇਗੀ।