ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਨਾ ਖੁਦ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਉਸ ਨੇ ਕਰੋਨਾ ਮਹਾਮਾਰੀ ਦੌਰਾਨ ਤਿੰਨ ਫਿਲਮਾਂ ‘ਅਨੇਕ’, ‘ਚੰਡੀਗੜ੍ਹ ਕਰੇ ਆਸ਼ਕੀ’ ਅਤੇ ‘ਡਾਕਟਰ ਜੀ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਅਦਾਕਾਰ ਅਨੁਸਾਰ ਇਨ੍ਹਾਂ ਫਿਲਮਾਂ ਨੂੰ ਸਿਨੇਮਾਘਰਾਂ ਵਿੱਚ ਦਿਖਾਇਆ ਜਾਣਾ ਮਹੱਤਵਪੂਰਨ ਹੈ। ਆਯੂਸ਼ਮਾਨ ਨੇ ਕਿਹਾ, ‘‘ਮੈਂ ਖੁਸ਼ਕਿਸਮਤ ਹਾਂ ਕਿ ਮਹਾਮਾਰੀ ਦੌਰਾਨ ਮੈਂ ਤਿੰਨ ਨਵੀਆਂ ਫਿਲਮਾਂ ਪੂਰੀਆਂ ਕਰਨ ਵਿੱਚ ਸਫ਼ਲ ਰਿਹਾ ਹਾਂ। ਮੈਨੂੰ ਇਨ੍ਹਾਂ ਫ਼ਿਲਮਾਂ ਦੀ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਹੈ। ਵੱਖ-ਵੱਖ ਵਿਸ਼ਿਆਂ ’ਤੇ ਬਣੀਆਂ ਇਹ ਫਿਲਮਾਂ ਲੋਕਾਂ ਨੂੰ ਵਿਚਾਰ-ਵਟਾਂਦਰੇ ਅਤੇ ਬਹਿਸ ਸਬੰਧੀ ਨਵਾਂ ਨਜ਼ਰੀਆ ਦੇਣਗੀਆਂ।’’ ਅਦਾਕਾਰ ਨੂੰ ਵਿਸ਼ਵਾਸ ਹੈ ਕਿ ਉਸ ਦੇ ਪ੍ਰਾਜੈਕਟ ਲੋਕਾਂ ਨੂੰ ਸਿਨੇਮਾਘਰਾਂ ਵਿੱਚ ਵਾਪਸ ਲਿਆਉਣ ’ਚ ਅਹਿਮ ਭੂਮਿਕਾ ਨਿਭਾਉਣਗੇ। ਆਯੂਸ਼ਮਾਨ ਨੇ ਕਿਹਾ, ‘‘ਉਪਰੋਕਤ ਤਿੰਨਾਂ ਫਿਲਮਾਂ ਦੀ ਸਕਰਿਪਟ ਵਿਲੱਖਣ ਹੈ ਤੇ ਉਮੀਦ ਹੈ ਕਿ ਇਹ ਫਿਲਮਾਂ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਵਾਪਸ ਲਿਆਉਣ ਵਿੱਚ ਅਹਿਮ ਯੋਗਦਾਨ ਪਾਉਣਗੀਆਂ।’’ ਅਦਾਕਾਰ ਨੇ ਮਹਾਮਾਰੀ ਦੌਰਾਨ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਸਾਰੇ ਫਿਲਮਸਾਜ਼ਾਂ ਦਾ ਧੰਨਵਾਦ ਕੀਤਾ ਹੈ।