ਤਿਰੂਵਨੰਤਪੁਰਮ, 10 ਦਸੰਬਰ
ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੀ-20 ਮੈਚ ਵਿੱਚ ਹਾਰ ਝੱਲਣ ਮਗਰੋਂ ਟੀਮ ਦੀ ਖ਼ਰਾਬ ਫੀਲਡਿੰਗ ਤੋਂ ਖ਼ਫ਼ਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਹੋਰ ‘ਮੁਸਤੈਦ’ ਹੋਣ ਦੀ ਲੋੜ ਹੈ, ਨਹੀਂ ਤਾਂ ਮੈਚ ਜਿੱਤਣਾ ਔਖਾ ਹੋਵੇਗਾ। ਐਤਵਾਰ ਨੂੰ ਖੇਡੇ ਗਏ ਮੈਚ ਦੌਰਾਨ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀਆਂ ਲਗਾਤਾਰ ਦੋ ਗੇਂਦਾਂ ’ਤੇ ਵਾਸ਼ਿੰਗਟਨ ਸੁੰਦਰ ਅਤੇ ਵਿਕਟਕੀਪਰ ਰਿਸ਼ਭ ਪੰਤ ਨੇ ਲੈਂਡਲ ਸਿਮਨਜ਼ (45 ਗੇਂਦਾਂ ’ਤੇ ਨਾਬਾਦ 67 ਦੌੜਾਂ), ਅਤੇ ਨਿਕੋਲਸ ਪੂਰਨ (18 ਗੇਂਦਾਂ ’ਤੇ ਨਾਬਾਦ 38 ਦੌੜਾਂ) ਦੇ ਕੈਚ ਛੱਡ ਦਿੱਤੇ। ਇਨ੍ਹਾਂ ਦੋਵਾਂ ਸਲਾਮੀ ਬੱਲੇਬਾਜ਼ਾਂ ਦੀਆਂ ਤੇਜ਼ ਤਰਾਰ ਨਾਬਾਦ ਪਾਰੀਆਂ ਅਤੇ ਐਵਿਨ ਲੂਈਸ ਦੀਆਂ 35 ਗੇਂਦਾਂ ’ਤੇ 40 ਦੌੜਾਂ ਦੀ ਬਦੌਲਤ ਵੈਸਟ ਇੰਡੀਜ਼ ਨੇ ਇਹ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ।
ਕੋਹਲੀ ਨੇ ਮੈਚ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਜੇਕਰ ਸਾਡੀ ਫੀਲਡਿੰਗ ਐਨੀ ਖ਼ਰਾਬ ਰਹੀ, ਤਾਂ ਕੋਈ ਵੀ ਟੀਚਾ ਕਾਫ਼ੀ ਨਹੀਂ ਹੋਵੇਗਾ। ਪਿਛਲੇ ਦੋ ਮੈਚਾਂ ਦੌਰਾਨ ਸਾਡੀ ਫੀਲਡਿੰਗ ਬਹੁਤ ਖ਼ਰਾਬ ਰਹੀ ਹੈ। ਅਸੀਂ ਇੱਕ ਓਵਰ ਵਿੱਚ ਦੋ ਕੈਚ (ਸੁੰਦਰ ਅਤੇ ਪੰਤ) ਛੱਡੇ। ਜੇਕਰ ਅਸੀਂ ਦੋਵੇਂ ਵਿਕਟਾਂ ਲਈਆਂ ਹੁੰਦੀਆਂ ਤਾਂ ਉਨ੍ਹਾਂ ’ਤੇ ਦਬਾਅ ਵਧ ਜਾਂਦਾ।’’ ਉਸ ਨੇ ਕਿਹਾ, ‘‘ਹਰ ਕਿਸੇ ਨੂੰ ਮੈਦਾਨ ਵਿੱਚ ਮੁਸਤੈਦ ਰਹਿਣ ਦੀ ਲੋੜ ਹੈ। ਮੁੰਬਈ ਵਿੱਚ ਮੁਕਾਬਲਾ ਕਰੋ ਜਾਂ ਮਰੋ ਦਾ ਹੋਵੇਗਾ।’’
ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਿਛਲੇ 15 ਟੀ-20 ਮੈਚਾਂ ਵਿੱਚੋਂ ਸੱਤ ਗੁਆ ਦਿੱਤੇ ਹਨ। ਕੋਹਲੀ ਤੋਂ ਜਦੋਂ ਇਸ ਅੰਕੜੇ ਬਾਰੇ ਪੁੱਛਿਆ ਗਿਆ ਤਾਂ ਉਸ ਕਿਹਾ, ‘‘ਅੰਕੜੇ ਕਾਫ਼ੀ ਕੁੱਝ ਕਹਿੰਦੇ ਹਨ। ਮੈਨੂੰ ਲਗਦਾ ਹੈ ਕਿ ਅਸੀਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ੁਰੂ ਵਿੱਚ 16 ਓਵਰਾਂ ਵਿੱਚ ਚਾਰ ਵਿਕਟਾਂ ’ਤੇ 140 ਦੌੜਾਂ ਬਣਾ ਕੇ ਚੰਗੀ ਹਾਲਤ ਵਿੱਚ ਸੀ, ਪਰ ਆਖ਼ਰੀ ਚਾਰ ਓਵਰਾਂ ਵਿੱਚ ਚੀਜ਼ਾਂ ਸਾਡੇ ਪੱਖ ’ਚ ਨਹੀਂ ਰਹੀਆਂ। ਸਾਨੂੰ ਇਸ ਦੌਰਾਨ 40-45 ਦੌੜਾਂ ਬਣਾਉਣੀਆਂ ਚਾਹੀਦੀਆਂ ਸਨ, ਪਰ ਅਸੀਂ ਸਿਰਫ਼ 30 ਦੌੜਾਂ ਹੀ ਬਣਾ ਸਕੇ। ਸਾਨੂੰ ਇਸ ’ਤੇ ਧਿਆਨ ਦੇਣਾ ਹੋਵੇਗਾ।’’