ਨਵੀਂ ਦਿੱਲੀ, 5 ਮਾਰਚ
ਬੀਸੀਸੀਆਈ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਅਗਲੇ ਸੈਸ਼ਨ ਵਿਚ ਖ਼ਰਚ ’ਚ ਕਟੌਤੀ ਕਰਦਿਆਂ ਚੈਂਪੀਅਨ ਤੇ ਉਪ ਜੇਤੂ ਟੀਮ ਨੂੰ ਮਿਲਣ ਵਾਲੀ ਇਨਾਮੀ ਰਾਸ਼ੀ ਨੂੰ 2019 ਦੇ ਮੁਕਾਬਲੇ ਅੱਧਾ ਕਰਨ ਦਾ ਫ਼ੈਸਲਾ ਕੀਤਾ ਹੈ। ਸਾਰੀਆਂ ਆਈਪੀਐਲ ਫ਼ਰੈਂਚਾਈਜ਼ ਨੂੰ ਭੇਜੇ ਸਰਕੁਲਰ ਵਿਚ ਬੀਸੀਸੀਆਈ ਨੇ ਸੂਚਿਤ ਕੀਤਾ ਹੈ ਕਿ ਆਈਪੀਐਲ ਚੈਂਪੀਅਨ ਨੂੰ 20 ਕਰੋੜ ਰੁਪਏ ਦੀ ਥਾਂ ਹੁਣ ਸਿਰਫ਼ 10 ਕਰੋੜ ਰੁਪਏ ਮਿਲਣਗੇ। ਬੀਸੀਸੀਆਈ ਦੇ ਪੱਤਰ ਅਨੁਸਾਰ ਖ਼ਰਚੇ ਵਿਚ ਕਟੌਤੀ ਦੀ ਪ੍ਰਕਿਰਿਆ ਤਹਿਤ ਵਿੱਤੀ ਪੁਰਸਕਾਰਾਂ ਨੂੰ ਦੁਬਾਰਾ ਤੈਅ ਕੀਤਾ ਗਿਆ ਹੈ। ਚੈਂਪੀਅਨ ਟੀਮ ਨੂੰ 20 ਕਰੋੜ ਰੁਪਏ ਦੀ ਥਾਂ ਹੁਣ 10 ਕਰੋੜ ਰੁਪਏ ਮਿਲਣਗੇ। ਉਪ ਜੇਤੂ ਟੀਮ ਨੂੰ 12 ਕਰੋੜ 50 ਲੱਖ ਰੁਪਏ ਦੀ ਥਾਂ ਹੁਣ ਛੇ ਕਰੋੜ 25 ਲੱਖ ਰੁਪਏ ਦਿੱਤੇ ਜਾਣਗੇ। ਕੁਲਾਈਫਾਇਰ ਵਿਚ ਹਾਰਨ ਵਾਲੀਆਂ ਦੋ ਟੀਮਾਂ ਵਿਚੋਂ ਹਰੇਕ ਨੂੰ ਹੁਣ ਚਾਰ ਕਰੋੜ 37 ਲੱਖ 50 ਹਜ਼ਾਰ ਰੁਪਏ ਮਿਲਣਗੇ। ਬੀਸੀਸੀਆਈ ਦੇ ਇਕ ਸੂਤਰ ਨੇ ਕਿਹਾ ਕਿ ‘ਸਾਰੇ ਫ਼ਰੈਂਚਾਈਜ਼ ਚੰਗੀ ਸਥਿਤੀ ਵਿਚ ਹਨ।’ ਉਨ੍ਹਾਂ ਕੋਲ ਆਪਣੀ ਆਮਦਨ ਵਧਾਉਣ ਲਈ ਸਪਾਂਸਰ ਜਿਹੇ ਕਈ ਬਦਲ ਹਨ। ਇਹੀ ਕਾਰਨ ਹੈ ਕਿ ਇਨਾਮੀ ਰਾਸ਼ੀ ਨੂੰ ਲੈ ਕੇ ਇਹ ਫ਼ੈਸਲਾ ਕੀਤਾ ਗਿਆ ਹੈ। ਹਾਲਾਂਕਿ ਆਈਪੀਐਲ ਮੈਚ ਦੀ ਮੇਜ਼ਬਾਨੀ ਕਰਨ ਵਾਲੇ ਸੂਬਾਈ ਸੰਘ ਨੂੰ ਇਕ ਕਰੋੜ ਰੁਪਏ ਮਿਲਣਗੇ ਜਿਸ ’ਚ ਬੀਸੀਸੀਆਈ ਤੇ ਫਰੈਂਚਾਈਜ਼ ਦੋਵੇਂ 50 ਲੱਖ ਰੁਪਏ ਦਾ ਯੋਗਦਾਨ ਦੇਣਗੇ। ਇਹ ਵੀ ਸੂਚਨਾ ਹੈ ਕਿ ਬੀਸੀਸੀਆਈ ਦੇ ਮੱਧ ਵਰਗ ਦੇ ਕਰਮਚਾਰੀਆਂ ਨੂੰ ਪਹਿਲਾਂ ਵਾਂਗ ਹੀ ਉਨ੍ਹਾਂ ਏਸ਼ਿਆਈ ਦੇਸ਼ਾਂ (ਸ੍ਰੀਲੰਕਾ, ਬੰਗਲਾਦੇਸ਼, ਯੂਏਈ) ਦੀ ਯਾਤਰਾ ਲਈ ਜਹਾਜ਼ ਦਾ ਬਿਜ਼ਨਸ ਕਲਾਸ ਦਾ ਟਿਕਟ ਨਹੀਂ ਮਿਲੇਗਾ, ਜਿੱਥੇ ਉਡਾਨ ਦਾ ਸਮਾਂ ਅੱਠ ਘੰਟਿਆਂ ਤੋਂ ਘੱਟ ਹੈ।