ਪਟਿਆਲਾ, ਘਰੇਲੂ ਖ਼ਪਤਕਾਰਾਂ ਨੂੰ ਇਸ ਮਹੀਨੇ ਤੋਂ ਬਿਜਲੀ ਦੇ ਨਵੇਂ ਭਾਅ ਦੇ ਬਿੱਲ ਤਾਰਨੇ ਪੈਣਗੇ। ਪਾਵਰਕੌਮ ਵੱਲੋਂ ਇਸ ਸਾਲ ਤੋਂ ਬਿਜਲੀ ਮਹਿੰਗੀ ਕੀਤੀ ਗਈ ਹੈ, ਉਸ ਮੁਤਾਬਿਕ ਖ਼ਪਤਕਾਰਾਂ ਨੂੰ ਨਵੇਂ ਭਾਅ ਦੇ ਬਿਜਲੀ ਦੇ ਬਿੱਲ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਆਉਣੇ ਸ਼ੁਰੂ ਹੋ ਜਾਣਗੇ। ਵੱਡੀ ਗਿਣਤੀ ਖ਼ਪਤਕਾਰਾਂ ਨੂੰ ਦੋ ਫੀਸਦੀ ਮਿਉਂਸਿਪਲ ਟੈਕਸ ਦਾ ਬੋਝ ਵੱਖਰੇ ਤੌਰ ’ਤੇ ਸਹਿਣਾ ਪਵੇਗਾ।
ਦੱਸਣਯੋਗ ਹੈ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਨਵੰਬਰ ਵਿੱਚ ਐਲਾਨੀਆਂ ਗਈਆਂ ਨਵੀਆਂ ਸਾਲਾਨਾ ਬਿਜਲੀ ਦਰਾਂ ’ਚ 9.33 ਫੀਸਦੀ ਵਾਧਾ ਕੀਤਾ ਗਿਆ ਸੀ। ਪਾਵਰਕੌਮ ਵੱਲੋਂ ਇਸ ਵਿੱਤੀ ਵਰ੍ਹੇ ਦੇ ਵਾਧੇ ਨੂੰ ਪਹਿਲੀ ਅਪਰੈਲ ਤੋਂ ਲਾਗੂ ਕਰਕੇ ਬਕਾਏ ਦੇ ਰੂਪ ਵਿੱਚ ਵਸੂਲਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਵਧੀਆਂ ਦਰਾਂ ਦਾ ਇਹ ਬਕਾਇਆ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਖ਼ਪਤਕਾਰਾਂ ਤੋਂ ਹਰੇਕ ਬਿੱਲ ਵਿੱਚ ਕਿਸ਼ਤਾਂ ਦੇ ਰੂਪ ਵਿੱਚ ਵਸੂਲਣ ਦੀ ਤਿਆਰੀ ਹੈ। ਨਵੀਆਂ ਬਿਜਲੀ ਦਰਾਂ ਮੁਤਾਬਿਕ ਨਵੇਂ ਭਾਅ ਦੇ ਬਿਜਲੀ ਦੇ ਬਿੱਲ ਵੀ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਆਉਣੇ ਸ਼ੁਰੂ ਹੋ ਰਹੇ ਹਨ। ਉਧਰ ਬਿਜਲੀ ਦੇ ਬਿੱਲਾਂ ਦੀ ਰਕਮ ’ਤੇ ਦੋ ਫੀਸਦੀ ਮਿਉਂਸਿਪਲ ਟੈਕਸ, ਜੋ ਪਹਿਲੀ ਨਵੰਬਰ ਤੋਂ ਲਾਗੂ ਹੋਇਆ ਹੈ, ਦੀ ਪਾਵਰਕੌਮ ਵੱਲੋਂ ਵਸੂਲੀ ਵੀ ਦਸੰਬਰ ਤੋਂ ਆਰੰਭ ਕੀਤੀ ਜਾ ਰਹੀ ਹੈ। ਦੋ ਫੀਸਦੀ ਮਿਉਂਸਿਪਲ ਟੈਕਸ ਸੂਬੇ ਦੇ ਸਾਰੇ ਨਗਰ ਨਿਗਮਾਂ, ਮਿਉਂਸਿਪਲ ਕਮੇਟੀਆਂ, ਮਿਉਂਸਿਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਹਦੂਦ ਵਿੱਚ ਪੈਂਦੇ ਸਮੁੱਚੇ ਬਿਜਲੀ ਖਪਤਕਾਰਾਂ ਤੋਂ ਵਸੂਲ ਕੀਤਾ ਜਾਵੇਗਾ। ਉਂਜ 30 ਜੂਨ ਤੋਂ ਪਹਿਲਾਂ ਤੱਕ ਬਿਜਲੀ ਖ਼ਪਤਕਾਰਾਂ ’ਤੇ ਚੁੰਗੀ ਟੈਕਸ ਲੱਗ ਰਿਹਾ ਸੀ, ਜਿਸ ਨੂੰ ਵਾਪਸ ਲੈਣ ਮਗਰੋਂ ਖ਼ਪਤਕਾਰਾਂ ਨੇ ਰਾਹਤ ਮਹਿਸੂਸ ਕੀਤੀ ਸੀ। ਹੁਣ ਖ਼ਪਤਕਾਰਾਂ ਨੂੰ ਮਿਉਂਸਿਪਲ ਟੈਕਸ ਦਾ ਬੋਝ ਸਹਿਣਾ ਪਵੇਗਾ। ਪਾਵਰਕੌਮ ਦੇ ਉਪ ਮੁੱਖ ਇੰਜਨੀਅਰ (ਵਿਕਰੀ) ਕੁਲਦੀਪ ਸਿੰਘ ਨੇ ਮੰਨਿਆ ਹੈ ਕਿ ਦਸੰਬਰ ਮਹੀਨੇ ਤੋਂ ਬਿਜਲੀ ਖਪਤਕਾਰਾਂ ਤੋਂ ਵਧੀਆਂ ਦਰਾਂ ਵਸੂਲਣ ਦੀ ਤਿਆਰੀ ਖਿੱਚੀ ਜਾ ਰਹੀ ਹੈ।