ਲੁਧਿਆਣਾ, 22 ਦਸੰਬਰ
ਪੰਜਾਬ ਐਗਰੀਕਲਚਲਰ ਯੂਨੀਵਰਸਿਟੀ (ਪੀਏਯੂ) ਵਿੱਚ ਇੱਕ ਸਮਾਗਮ ’ਚ ਹਿੱਸਾ ਲੈਣ ਪੁੱਜੇ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ 10 ਸਾਲਾਂ ਦੇ ਰਾਜ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਭਾਵੇਂ ਖ਼ਜ਼ਾਨਾ ਖਾਲੀ ਕਰ ਦਿੱਤਾ ਹੈ, ਇਸ ਦੇ ਬਾਵਜੂਦ ਸੂਬੇ ਦੀਆਂ ਸਨਅਤਾਂ ਬਚਾਉਣ ਲਈ ਬਿਜਲੀ ਸਸਤੀ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਜਨਵਰੀ ਤੋਂ ਸਨਅਤਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ।
ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਸਤੀ ਬਿਜਲੀ ਸਬੰਧੀ ਸਨਅਤਕਾਰਾਂ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਮੰਨ ਲਿਆ ਹੈ, ਜਿਸ ਮਗਰੋਂ ਦੋਵੇਂ ਧਿਰਾਂ ਸੰਤੁਸ਼ਟ ਹਨ। ਬਿਜਲੀ ਦਰਾਂ ਵਧਣ ਬਾਰੇ ਉਨ੍ਹਾਂ ਕਿਹਾ ਕਿ ਅਸਲ ਵਿੱਚ ਬਿਜਲੀ ਰੈਗੂਲੇਟਰੀ ਅਥਾਰਟੀ ਨੇ ਅਕਤੂਬਰ 2017 ਵਿੱਚ ਬਿਜਲੀ ਦਰਾਂ ਵਧਾ ਦਿੱਤੀਆਂ ਸਨ, ਜੋ ਪਹਿਲੀ ਅਪਰੈਲ 2017 ਤੋਂ ਲਾਗੂ ਕੀਤੀਆਂ ਗਈਆਂ ਸਨ, ਇਸੇ ਕਾਰਨ ਸਨਅਤਕਾਰਾਂ ’ਤੇ ਬੋਝ ਪੈ ਗਿਆ ਸੀ। ਸਰਕਾਰ ਨੇ ਹੁਣ ਸਨਅਤਕਾਰਾਂ ਦਾ ਅੱਧਾ ਬੋਝ ਆਪਣੇ ਸਿਰ ਲੈ ਲਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਬਠਿੰਡਾ ਅਤੇ ਰੋਪੜ ਥਰਮਲ ਪਲਾਂਟ ਦੇ ਯੂਨਿਟ ਬੰਦ ਕਰਨ ਨਾਲ ਸਬੰਧਤ ਮੁਲਾਜ਼ਮਾਂ ਦੀ ਨੌਕਰੀ ਨਹੀਂ ਜਾਵੇਗੀ। ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਢੁਕਵੀਂ ਥਾਂ ’ਤੇ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੌਜੂਦਾ ਸਮੇਂ ਬਿਜਲੀ ਦੀ ਕੋਈ ਕਮੀ ਨਹੀਂ ਹੈ। ਜੇਕਰ ਕਿਸੇ ਹੋਰ ਸੂਬੇ ਤੋਂ ਸਸਤੀ ਬਿਜਲੀ ਮਿਲੇਗੀ ਤਾਂ ਪੰਜਾਬ ਸਰਕਾਰ ਖ਼ਰੀਦੇਗੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਆਗੂਆਂ ਵੱਲੋਂ ਕਾਂਗਰਸ ’ਤੇ ਚੋਣਾਂ ਦੌਰਾਨ ਧੱਕੇਸ਼ਾਹੀ ਕਰਨ ਦੇ ਲਾਏ ਦੋਸ਼ ਸਰਾਸਰ ਗ਼ਲਤ ਹਨ। ਰਾਣਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤਾਂ ਚੋਣ ਪ੍ਰਚਾਰ ਲਈ ਵੀ ਘਰੋਂ ਨਹੀਂ ਨਿਕਲੇ, ਉਹ ਜਿੱਤ ਕਿਵੇਂ ਸਕਦੇ ਸਨ ? ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਤੇ ਸੁਸ਼ੀਲ ਮਲਹੋਤਰਾ ਵੀ ਹਾਜ਼ਰ ਸਨ।