ਬਠਿੰਡਾ, ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ (‘ਆਪ’) ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮਜੀਠੀਆ ਮੁਲਾਕਾਤ ਮਾਮਲੇ ’ਤੇ ਬਾਗ਼ੀ ਨੇਤਾ ਸੁਖਪਾਲ ਖਹਿਰਾ ਉੱਪਰ ਉਂਗਲ ਉਠਾਈ ਹੈ। ਐਡਵੋਕੇਟ ਚੀਮਾ ਨੇ ਆਖਿਆ ਕਿ ਸੁਖਪਾਲ ਸਿੰਘ ਖਹਿਰਾ ਸਪੱਸ਼ਟ ਕਰਨ ਕਿ ਉਨ੍ਹਾਂ ਦਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਬਠਿੰਡਾ ਰੈਲੀ ਤੋਂ ਪਹਿਲਾਂ ਮੁਲਾਕਾਤ ਕਰਨ ਦਾ ਕੀ ਮੰਤਵ ਸੀ। ਉਨ੍ਹਾਂ ਆਖਿਆ ਕਿ ‘ਆਪ’ ਆਮ ਲੋਕਾਂ ਦੀ ਪਾਰਟੀ ਹੈ, ਜਿਸ ਕਰਕੇ ਸ੍ਰੀ ਖਹਿਰਾ ਇਸ ਮਾਮਲੇ ’ਤੇ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਕਰਨ। ਉਨ੍ਹਾਂ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਹਾਲੇ ਵੀ ਸ੍ਰੀ ਖਹਿਰਾ ਨਾਲ ਗੁਪਤ ਮੀਟਿੰਗ ਹੋਣ ਤੋਂ ਇਨਕਾਰ ਨਹੀਂ ਕਰ ਰਹੇ ਹਨ ਅਤੇ ਨਾ ਹੀ ਸ੍ਰੀ ਖਹਿਰਾ ਨੇ ‘ਗੁਪਤ ਮੀਟਿੰਗ’ ਦੀਆਂ ਖ਼ਬਰਾਂ ਨੂੰ ਰੱਦ ਕੀਤਾ ਹੈ।

ਦੱਸਣਯੋਗ ਹੈ ਕਿ ਇਹ ਚਰਚਾ ਚੱਲੀ ਸੀ ਕਿ ਸੁਖਪਾਲ ਖਹਿਰਾ ਨੇ ਬਠਿੰਡਾ ਰੈਲੀ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨਾਲ ਗੁਪਤ ਮੀਟਿੰਗ ਕੀਤੀ ਸੀ, ਜਿਸ ਦੀ ਅਧਿਕਾਰਤ ਤੌਰ ’ਤੇ ਕਿਧਰੋਂ ਕੋਈ ਪੁਸ਼ਟੀ ਨਹੀਂ ਹੋਈ ਸੀ। ਏਨਾ ਜ਼ਰੂਰ ਸੀ ਕਿ ਸ੍ਰੀ ਮਜੀਠੀਆ ਨੇ ਇਸ ਮੀਟਿੰਗ ਨੂੰ ਰੱਦ ਨਹੀਂ ਕੀਤਾ ਸੀ। ਮਾਮਲਾ ਉਦੋਂ ਤੂਲ ਫੜ ਗਿਆ ਜਦੋਂ ਬਠਿੰਡਾ ਰੈਲੀ ਵਿੱਚ ਸ੍ਰੀ ਖਹਿਰਾ ਨੇ ਆਪਣੇ 50 ਮਿੰਟ ਦੇ ਭਾਸ਼ਣ ਵਿੱਚ ਸ੍ਰੀ ਮਜੀਠੀਆ ਦਾ ਨਾਮ ਇੱਕ ਵਾਰ ਵੀ ਪ੍ਰਮੁੱਖਤਾ ਨਾਲ ਨਹੀਂ ਲਿਆ। ਖਹਿਰਾ ਨੇ ਰੈਲੀ ਵਿੱਚ ਸਿਰਫ਼ ਏਨਾ ਆਖਿਆ ਕਿ ਜਦੋਂ ਉਨ੍ਹਾਂ ਨੇ ਮਜੀਠੀਆ ਦਾ ਕੇਸ ਸੀਬੀਆਈ ਨੂੰ ਦੇਣ ਲਈ ਆਖਿਆ ਸੀ ਤਾਂ ਉਦੋਂ ਮੁੱਖ ਮੰਤਰੀ ਨੇ ਟਾਲ-ਮਟੋਲ ਕੀਤੀ ਜਦਕਿ ਬਹਿਬਲ ਗੋਲੀ ਕਾਂਡ ਦਾ ਮਾਮਲਾ ਫ਼ੌਰੀ ਸੀਬੀਆਈ ਨੂੰ ਦੇ ਦਿੱਤਾ।
ਸੁਖਪਾਲ ਸਿੰਘ ਖਹਿਰਾ

ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ‘ਮਜੀਠੀਆ ਮੁਲਾਕਾਤ’ ਨੂੰ ਲੈ ਕੇ ਪੰਜਾਬੀਆਂ ਦੇ ਮਨਾਂ ਵਿਚ ਸ਼ੰਕੇ ਉੱਠੇ ਹਨ ਅਤੇ ਖਹਿਰਾ ਨੂੰ ਇਸ ਮਾਮਲੇ ’ਤੇ ਸਪਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਬਠਿੰਡਾ ਰੈਲੀ ਲਈ ਸ੍ਰੀ ਮਜੀਠੀਆ ਨੇ ਮਦਦ ਕੀਤੀ ਹੋਵੇਗੀ, ਤਾਹੀਓਂ ਸ੍ਰੀ ਖਹਿਰਾ ਦੇ ਭਾਸ਼ਣ ’ਚੋਂ ਮਜੀਠੀਆ ਗ਼ਾਇਬ ਸੀ। ਸ੍ਰੀ ਚੀਮਾ ਨੇ ਦੋਸ਼ ਲਾਇਆ ਕਿ ‘ਆਪ’ ਵਰਕਰਾਂ ਦਾ ਮਨੋਬਲ ਡੇਗਣ ਲਈ ਬਠਿੰਡਾ ਰੈਲੀ ਇੱਕ ਸਾਜ਼ਿਸ਼ ਵਜੋਂ ਕੀਤੀ ਗਈ ਅਤੇ ਇਸ ਨੂੰ ਪੰਜਾਬ ਵਿੱਚ ਆਰ.ਐੱਸ.ਐੱਸ. ਸਪਾਂਸਰ ਪਹਿਲੀ ਰੈਲੀ ਆਖਿਆ ਜਾ ਸਕਦਾ ਹੈ।
ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ੍ਰੀ ਮਜੀਠੀਆ ਨਾਲ ਕੋਈ ਮੀਟਿੰਗ ਨਹੀਂ ਕੀਤੀ। ਉਨ੍ਹਾਂ ਆਖਿਆ ਕਿ ਜਨ੍ਹਿ‌ਾਂ ਲੋਕਾਂ ਨੂੰ ਉਨ੍ਹਾਂ ਨੇ ਹਮੇਸ਼ਾ ਰਗੜੇ ਲਾਏ ਹਨ, ਉਨ੍ਹਾਂ ਨਾਲ ਉਹ ਮੁਲਾਕਾਤ ਕਿਉਂ ਕਰਨਗੇ। ਜਦੋਂ ਸ੍ਰੀ ਖਹਿਰਾ ਨੂੰ ਮਜੀਠੀਆ ਵੱਲੋਂ ਮੀਟਿੰਗ ਦੀ ਗੱਲ ਰੱਦ ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਇਹ ਉਸ ਦੀ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਕਦੇ ਆਰ.ਐੱਸ.ਐੱਸ ਏਜੰਟ ਅਤੇ ਕਦੇ ਕਾਂਗਰਸ ਦਾ ਏਜੰਟ ਆਖ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਪ੍ਰੰਤੂ ਉਹ ਤਾਂ ਪੰਜਾਬ ਦਾ ਚੌਕੀਦਾਰ ਹੈ।
ਸ੍ਰੀ ਖਹਿਰਾ ਨੇ ਆਖਿਆ ਕਿ ਬਠਿੰਡਾ ਰੈਲੀ ਤੋਂ ਪਾਸੇ ਰਹਿਣ ਵਾਲੇ ‘ਆਪ’ ਵਿਧਾਇਕਾਂ ਖ਼ਿਲਾਫ਼ ਪੰਜਾਬ ਦੇ ਲੋਕ ਆਪ ਮੁਹਾਰੇ ਉੱਠ ਖੜ੍ਹੇ ਹੋਏ ਹਨ ਅਤੇ ਉਨ੍ਹਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵੀ ਅਜਿਹੇ ਵਿਧਾਇਕਾਂ ਖ਼ਿਲਾਫ਼ ਲੋਕ ਉੱਤਰੇ ਹੋਏ ਹਨ। ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਰੈਲੀ ਤੋਂ ਦੂਰ ਰਹਿਣ ਵਾਲੇ ਤਿੰਨ-ਚਾਰ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ।