ਚੰਡੀਗੜ੍ਹ, ਆਮ ਆਦਮੀ ਪਾਰਟੀ (ਆਪ) ਦੇ ਬਾਗੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ਅੱਜ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਪਾਰਟੀ ਦੇ 6-7 ਹੋਰ ਵਿਧਾਇਕ ਆ ਰਹੇ ਹਨ ਅਤੇ ਲੋਕਾਂ ਵੱਲੋਂ ਲਾਮਿਸਾਲ ਹੁੰਗਾਰਾ ਮਿਲ ਰਿਹਾ ਹੈ। ਇਸ ਲਈ ਉਹ ਬਾਗੀ ਧੜਾ ਨਹੀਂ ਸਗੋਂ ਅਸਲ ਆਮ ਆਦਮੀ ਪਾਰਟੀ ਹਨ। ਸ੍ਰੀ ਖਹਿਰਾ ਤੇ ਸ੍ਰੀ ਸੰਧੂ ਨੇ ਮੀਡੀਆ ਵੱਲੋਂ ਉਨ੍ਹਾਂ ਨੂੰ ਬਾਗੀ ਧੜਾ ਆਖਣ ’ਤੇ ਇਤਰਾਜ਼ ਕੀਤਾ ਪਰ ਇਹ ਦੱਸਣ ਤੋਂ ਅਸਮਰੱਥ ਰਹੇ ਕਿ ਕਾਨੂੰਨੀ ਤੇ ਤਕਨੀਕੀ ਤੌਰ ’ਤੇ ਉਨ੍ਹਾਂ ਦੇ ਧੜੇ ਨੂੰ ਅਸਲ ਪਾਰਟੀ ਕਿਵੇਂ ਕਿਹਾ ਜਾ ਸਕਦਾ ਹੈ। ਸ੍ਰੀ ਖਹਿਰਾ ਤੇ ਸ੍ਰੀ ਸੰਧੂ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਹਾਲੇ ਤਕ ਦਿੱਲੀ ਵਾਲਿਆਂ ਦਾ ਉਨ੍ਹਾਂ ਨੂੰ ਗੱਲਬਾਤ ਜਾਂ ਸਮਝੌਤਾ ਕਰਨ ਲਈ ਕੋਈ ਸੁਨੇਹਾ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਉਨ੍ਹਾਂ ਦੇ ਧੜੇ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਧਾਇਕਾਂ ਦੀਆਂ ਗਿਣਤੀਆਂ-ਮਿਣਤੀਆਂ ਪਿੱਛੇ ਰਹਿ ਗਈਆਂ ਹਨ ਤੇ ਲੋਕ ਤੀਜੀ ਸਿਆਸੀ ਧਿਰ ਉਸਾਰਨ ਲਈ ਕਾਹਲੇ ਹਨ। ਸ੍ਰੀ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦਾ ਧੜਾ 15 ਅਗਸਤ ਨੂੰ ਈਸੜੂ ’ਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਜਾਵੇਗਾ ਪਰ ਉਥੇ ਕਿਸੇ ਤਰ੍ਹਾਂ ਦਾ ਪੰਡਾਲ ਨਹੀਂ ਲਾਇਆ ਜਾਵੇਗਾ। ਉਨ੍ਹਾਂ ਬਰਗਾੜੀ ਵਿੱਚ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਚਲਾਏ ਜਾ ਰਹੇ ਇਨਸਾਫ਼ ਮੋਰਚੇ ਦੀ ਹਮਾਇਤ ਕਰਦਿਆਂ ਕਿਹਾ ਕਿ 20 ਅਗਸਤ ਨੂੰ ਉਹ ਬਰਗਾੜੀ ਸਥਿਤ ਲਾਏ ਇਨਸਾਫ਼ ਮੋਰਚੇ ਤੋਂ ਫਰੀਦਕੋਟ ਤਕ ਮਾਰਚ ਕਰਨਗੇ ਅਤੇ ਡਿਪਟੀ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਮੇਤ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਰਿਪੋਰਟ ਵਿੱਚ ਸਾਬਤ ਹੋ ਗਿਆ ਹੈ ਕਿ ਸੂਬੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਦੌਰ ਚਲਾਉਣ ਵਿੱਚ ਡੇਰਾ ਸਿਰਸਾ ਦੇ ਲੋਕਾਂ ਦਾ ਹੱਥ ਹੈ। ਇਸ ਲਈ ਡੇਰਾ ਮੁਖੀ ਨੂੰ ਵੀ ਪੜਤਾਲ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਪਿਛਲੀ ਬਾਦਲ ਸਰਕਾਰ ਵੋਟ ਰਾਜਨੀਤੀ ਤਹਿਤ ਦੋਸ਼ੀਆਂ ਨੂੰ ਬਚਾਉਂਦੀ ਰਹੀ ਅਤੇ ਹੁਣ ਕੈਪਟਨ ਸਰਕਾਰ ਵੀ ਉਸੇ ਰਾਹ ਪੈ ਗਈ ਹੈ।