ਜਗਰਾਉਂ, 5 ਸਤੰਬਰ-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੀਆਂ ਬਾਗ਼ੀ ਸੁਰਾਂ ਤੇ ਗਤੀਵਿਧੀਆਂ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਸਬੰਧੀ ਫ਼ੈਸਲਾ ਪਾਰਟੀ ਦੀ ਅਨੁਸ਼ਾਸਨ ਕਮੇਟੀ ਲਵੇਗੀ।
ਇੱਥੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਘਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਕਿਸੇ ਵੀ ਪਾਰਟੀ ਦੇ ਚੰਗੇ ਭਵਿੱਖ ਲਈ ਪਾਰਟੀ ਅੰਦਰ ਅਨੁਸ਼ਾਸਨ ਜ਼ਰੂਰੀ ਹੁੰਦਾ ਹੈ ਅਤੇ ਕੋਈ ਵੀ ਪਾਰਟੀ ਅਨੁਸ਼ਾਸਨ ਭੰਗ ਕੀਤੇ ਜਾਣ ਨੂੰ ਬਰਦਾਸ਼ਤ ਨਹੀਂ ਕਰਦੀ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਖਹਿਰਾ ਸਮੇਤ ਬਾਗ਼ੀ ਧੜੇ ਨਾਲ ਸਬੰਧੀ ਵਿਧਾਇਕਾਂ ਨਾਲ ਗੱਲਬਾਤ ਜਾਰੀ ਹੈ, ਜਿਸ ਦੇ ਹਾਂ-ਪੱਖੀ ਨਤੀਜੇ ਲਈ ਉਹ ਤੇ ਪਾਰਟੀ ਆਸਵੰਦ ਹਨ। ਹਲਕਾ ਦਾਖਾ ਤੋਂ ਵਿਧਾਇਕ ਤੇ ਵਕੀਲ ਐੱਸ.ਐੱਚ. ਫੂਲਕਾ ਵੱਲੋਂ ਅਸਤੀਫ਼ਾ ਦੇਣ ਸਬੰਧੀ ਕੀਤੇ ਐਲਾਨ ਬਾਰੇ ਸੰਸਦ ਮੈਂਬਰ ਨੇ ਕਿਹਾ ਕਿ ਇਹ ਉਨ੍ਹਾਂ (ਫੂਲਕਾ) ਦਾ ਨਿੱਜੀ ਤੇ ਭਾਵਨਾਤਮਕ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਨਾਲ ਸਬੰਧਤ ਸਾਰੇ ਵਿਧਾਇਕ ਜਲਦੀ ਹੀ ਸ੍ਰੀ ਫੂਲਕਾ ਨੂੰ ਮਿਲ ਕੇ ਇਹ ਫ਼ੈਸਲਾ ਬਦਲਣ ਲਈ ਗੱਲ ਕਰਨਗੇ। ਸਰਕਾਰ ’ਤੇ ਦਬਾਅ ਬਣਾਉਣ ਅਤੇ ਆਪਣੀ ਮੰਗ ਮੰਨਵਾਉਣ ਦੇ ਹੋਰ ਵੀ ਕਈ ਤਰੀਕੇ ਹੁੰਦੇ ਹਨ। ਸਮੁੱਚੀ ਪਾਰਟੀ ਸ੍ਰੀ ਫੂਲਕਾ ਦੇ ਨਾਲ ਖੜ੍ਹੀ ਹੈ। ਸ੍ਰੀ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਕਾਂਗਰਸੀ ਮੰਤਰੀਆਂ ਦੀ ਵਿਧਾਨ ਸਭਾ ਵਿੱਚ ਰਿਪੋਰਟ ’ਤੇ ਬਹਿਸ ਸਮੇਂ ਕੀਤੀ ਮੰਗ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਇਸ ਨਾਲ ਇੱਕ ਤਾਂ ਕੈਪਟਨ ਤੋਂ ਬਾਦਲਾਂ ਨਾਲ ਮਿਲੇ ਹੋਣ ਦਾ ਦਾਗ਼ ਧੋਤਾ ਜਾਵੇਗਾ ਤੇ ਦੂਜਾ ਪੰਜਾਬੀ ਉਨ੍ਹਾਂ ਨੂੰ ਹੋਰ ਪਿਆਰ ਦੇਣਗੇ। ਇਹ ਕਾਰਵਾਈ ਕਰਦੇ ਸਮੇਂ ਨਾ ਤਾਂ ਅਕਾਲੀਆਂ ਨਾਲ ਕੋਈ ਲਿਹਾਜ਼ ਹੋਵੇ ਤੇ ਨਾ ਹੀ ਪੁਲੀਸ ਅਧਿਕਾਰੀਆਂ ਨਾਲ ਕਿਉਂਕਿ ਪੁਲੀਸ ਕਦੇ ਵੀ ਅਣਪਛਾਤੀ ਨਹੀਂ ਹੁੰਦੀ। ਆਗਾਮੀ ਲੋਕ ਸਭਾ ਚੋਣਾਂ ਮੌਕੇ ਕਾਂਗਰਸ ਨਾਲ ਸਮਝੌਤੇ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਸੰਭਵ ਨਹੀਂ। ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਉਨ੍ਹਾਂ ਨੇ ‘ਆਪ’ ਵੱਲੋਂ ਆਪਣੇ ਚੋਣ ਨਿਸ਼ਾਨ ‘ਤੇ ਲੜਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ‘ਆਪ’ ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗੀ ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਕਰਕੇ ਅਕਾਲੀਆਂ ਦਾ ਪਿੰਡਾਂ ਵਿੱਚ ਵੜਨਾ ਵੀ ਔਖਾ ਹੋ ਗਿਆ ਹੈ ਅਤੇ ਕਾਰਵਾਈ ਨਾ ਕਰਨ ਕਰਕੇ ਕਾਂਗਰਸੀਆਂ ਨੂੰ ਵੀ ਲੋਕ ਘੇਰ ਕੇ ਸਵਾਲ ਕਰਨਗੇ। ਪੰਚਾਇਤ ਚੋਣਾਂ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਚੰਗੇ ਅਕਸ ਵਾਲੇ ਈਮਾਨਦਾਰ ਤੇ ਨਸ਼ਾ ਨਾ ਵੰਡਣ ਵਾਲੇ ਉਮੀਦਵਾਰ ਜਿਤਾਉਣ ਦੀ ਅਪੀਲ ਕੀਤੀ।