ਅੰਮ੍ਰਿਤਸਰ, 21 ਜੂਨ
ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਦੇ ਖ਼ਾਲਿਸਤਾਨ ਪੱਖੀ ਦਿੱਤੇ ਬਿਆਨ ਬਾਰੇ ਧਾਰੀ ਚੁੱਪ ਹੈਰਾਨੀਜਨਕ ਹੈ। ਉਹ ਅੱਜ ਇੱਥੇ ਆਪਣੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਸਨ।
ਪਰਿਵਾਰ ਵੱਲੋਂ ਪ੍ਰਕਾਸ਼ ਕਰਾਏ ਅਖੰਡ ਪਾਠ ਦੇ ਪਾਏ ਭੋਗ ਅਤੇ ਅਗਲੇ ਅਖੰਡ ਪਾਠ ਦੀ ਆਰੰਭਤਾ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਖਹਿਰਾ ਦਾ ਪਰਿਵਾਰ ਸ਼ੁਰੂ ਤੋਂ ਹੀ ਖ਼ਾਲਿਸਤਾਨੀ ਸਮਰਥਕ ਰਿਹਾ ਹੈ। ਇਸ ਮਾਮਲੇ ਵਿੱਚ ਉਨ੍ਹਾਂ ਸ੍ਰੀ ਖਹਿਰਾ ਦੇ ਪਿਤਾ ਦਾ ਵੀ ਜ਼ਿਕਰ ਕੀਤਾ ਅਤੇ ਦਾਅਵਾ ਕੀਤਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਖ਼ਾਲਿਸਤਾਨ ਪੱਖੀ ਨਾਅਰਾ ਲਾਇਆ ਸੀ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ‘ਆਪ’ ਆਗੂ ਨੇ ਆਪਣੀ ਨਿਰੰਤਰ ਡਿੱਗ ਰਹੀ ਸਾਖ਼ ਨੂੰ ਬਚਾਉਣ ਲਈ ਹੁਣ ਇਹ ਵੱਖਵਾਦੀ ਨਾਅਰਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੀ ਚੁੱਪ ਹੈਰਾਨੀਜਨਕ ਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਰੜੇ ਹੱਥੀਂ ਲੈਂਦਿਆਂ ਅਕਾਲੀ ਆਗੂ ਨੇ ਆਖਿਆ ਕਿ ਕੁਝ ਸਮਾਂ ਪਹਿਲਾਂ ਸ੍ਰੀ ਸਿੱਧੂ ਵੱਲੋਂ ਅਕਾਲੀ-ਭਾਜਪਾ ਸਰਕਾਰ ਵੇਲੇ ਬਣਾਈਆਂ ਯਾਦਗਾਰਾਂ ਦੀ ਸਖ਼ਤ ਆਲੋਚਨਾ ਕੀਤੀ ਜਾਂਦੀ ਰਹੀ ਹੈ, ਪਰ ਹੁਣ ਉਹ ਆਪ ਇਨ੍ਹਾਂ ਯਾਦਗਾਰਾਂ ਕੋਲ ਖੜ੍ਹੇ ਹੋ ਕੇ ਫੋਟੋਆਂ ਖਿਚਵਾ ਰਹੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਨੂੰ ਆਇਆਂ ਡੇਢ ਸਾਲ ਹੋ ਚੁੱਕਾ ਹੈ, ਪਰ ਇਸ ਸਮੇਂ ਦੌਰਾਨ ਉਨ੍ਹਾਂ ਨੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਨਵਾਂ ਵਿਕਾਸ ਤਾਂ ਕੀ ਕਰਨਾ ਸੀ, ਸਗੋਂ ਪਿਛਲੀ ਸਰਕਾਰ ਵੱਲੋਂ ਕੀਤੇ ਵਿਕਾਸ ਦੀ ਸਾਂਭ-ਸੰਭਾਲ ਲਈ ਵੀ ਕੋਈ ਯਤਨ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਉਹ ਅੰਮ੍ਰਿਤਸਰ ਪੁੱਜੇ ਸਨ ਅਤੇ ਇੱਥੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅਤੇ ਹੈਰੀਟੇਜ ਸਟਰੀਟ ਦੀ ਹਾਲਤ ਦੇਖ ਕੇ ਦੁੱਖ ਹੋਇਆ ਹੈ। ਇੱਥੇ ਗੰਦਗੀ ਨਾਲ ਮਾੜਾ ਹਾਲ ਹੈ ਤੇ ਸਟਰੀਟ ਲਾਈਟਾਂ ਬੰਦ ਹਨ।
ਉਨ੍ਹਾਂ ਕਾਂਗਰਸ ਸਰਕਾਰ ਨੂੰ ਅਪੀਲ ਕੀਤੀ ਕਿ ਪਿਛਲੀ ਸਰਕਾਰ ਵੱਲੋਂ ਬਣਾਈਆਂ ਯਾਦਗਾਰਾਂ ਦੀ ਸਾਂਭ-ਸੰਭਾਲ ਕੀਤੀ ਜਾਵੇ। ਉਨ੍ਹਾਂ ਨਸ਼ਿਆਂ ਤੇ ਮਾਈਨਿੰਗ ਦੇ ਮਾਮਲੇ ’ਤੇ ਵੀ ਕਾਂਗਰਸ ਸਰਕਾਰ ਨੂੰ ਕਰੜੇ ਹੱਥੀਂ ਲਿਆ।