ਚੰਡੀਗੜ੍ਹ, 29 ਸਤੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਅੱਜ ਵਫ਼ਦ ਨੇ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਦੇ ਮੁੱਦੇ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲ ਕੇ ਉਨ੍ਹਾਂ ਤੋਂ ਮਾਮਲੇ ਵਿੱਚ ਦਖ਼ਲ ਮੰਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੇ ਖਹਿਰਾ ਦੀ ਗ੍ਰਿਫ਼ਤਾਰੀ ਦੇ ਮਾਮਲੇ ਨੂੰ ਲੈ ਕੇ ਇੱਕ ਮੀਟਿੰਗ ਵੀ ਕੀਤੀ ਜਿਸ ਵਿੱਚ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਵੀ ਹੋਈ। ਕਾਂਗਰਸ ਪ੍ਰਧਾਨ ਵੜਿੰਗ ਨੇ ਅੱਜ ਸੀਨੀਅਰ ਕਾਂਗਰਸੀ ਆਗੂ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਖਹਿਰਾ ਨੂੰ ਇੱਕ ਪੁਰਾਣੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪਰ ਕਾਂਗਰਸੀ ਆਗੂ ਇਸ ਸਿਆਸੀ ਪ੍ਰੇਸ਼ਾਨੀ ਨਾਲ ਹੌਸਲਾ ਨਹੀਂ ਹਾਰਨਗੇ। ਉਨ੍ਹਾਂ ਮੁਤਾਬਕ ਸੁਪਰੀਮ ਕੋਰਟ ਪਹਿਲਾਂ ਹੀ ਐੱਨਡੀਪੀਐੱਸ ਕੇਸ ਨੂੰ ਰੱਦ ਕਰ ਚੁੱਕੀ ਹੈ ਜਿਸ ਤਹਿਤ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵੜਿੰਗ ਨੇ ਆਖਿਆ ਕਿ ਜਿਹੜੇ ਕਾਂਗਰਸੀ ਆਗੂ ‘ਆਪ’ ਸਰਕਾਰ ਦੇ ਦਾਗ਼ੀ ਨੇਤਾਵਾਂ ਖ਼ਿਲਾਫ਼ ਦਲੇਰੀ ਨਾਲ ਬੋਲਦੇ ਹਨ, ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਵਰਤਾਰਾ ਪੁਲੀਸ ਦੇ ਕਿਰਦਾਰ ’ਤੇ ਵੀ ਸੁਆਲ ਖੜ੍ਹੇ ਕਰਦਾ ਹੈ ਅਤੇ ਲੋਕਾਂ ਦਾ ਕਾਨੂੰਨ ਵਿੱਚ ਭਰੋਸਾ ਥਿੜਕ ਰਿਹਾ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਇੱਕ ਵਕੀਲ ’ਤੇ ਹਿਰਾਸਤ ਦੌਰਾਨ ਕੀਤੇ ਕਥਿਤ ਤਸ਼ੱਦਦ ਤੋਂ ਹਰ ਕੋਈ ਜਾਣੂ ਹੈ ਅਤੇ ਡੀਜੀਪੀ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੰਮ ਕਰਨ ਦੀ ਥਾਂ ਵਿਰੋਧੀਆਂ ਨੂੰ ਦਬਾਉਣ ਵਿੱਚ ਲੱਗੇ ਹੋਏ ਹਨ। ਮੀਟਿੰਗ ਵਿੱਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪਰਗਟ ਸਿੰਘ ਤੇ ਭਾਰਤ ਭੂਸ਼ਣ ਆਸ਼ੂ ਜਦਕਿ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਰਾਜ ਕੁਮਾਰ ਚੰਨੇਵਾਲ, ਜੁਗਲ ਕਿਸ਼ੋਰ ਸ਼ਰਮਾ, ਕੁਲਦੀਪ ਵੈਦ, ਕੈਪਟਨ ਸੰਦੀਪ ਸੰਧੂ, ਹਰਦਿਆਲ ਸਿੰਘ ਕੰਬੋਜ ਆਦਿ ਸ਼ਾਮਲ ਸਨ।