ਐਸ.ਏ.ਐਸ. ਨਗਰ (ਮੁਹਾਲੀ), ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਮੁੱਖ ਮੰਤਰੀ ਲਈ ‘ਅਪਸ਼ਬਦ’ ਵਰਤਣ ਬਾਰੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸ੍ਰੀ ਖਹਿਰਾ ਹੁਣ ਖਰੇ ਨਹੀਂ ਰਹੇ ਅਤੇ ਉਨ੍ਹਾਂ ਦਾ ਮਾਨਸਿਕ ਸੰਤੁਲਨ ਵੀ ਠੀਕ ਨਹੀਂ ਲੱਗ ਰਿਹਾ। ਸ੍ਰੀ ਖਹਿਰਾ ਨੇ ਅਦਾਲਤ ਵਿੱਚ ਪੇਸ਼ ਨਾ ਹੋ ਕੇ ਕਾਨੂੰਨੀ ਕੁਤਾਹੀ ਕੀਤੀ ਹੈ। ਉਨ੍ਹਾਂ ਦੋਸ਼ ਲਾਏ ਕਿ ਸ੍ਰੀ ਖਹਿਰਾ ਨਿਆਂ ਪ੍ਰਣਾਲੀ ਅਤੇ ਮੀਡੀਆ ਨੂੰ ਗੁਮਰਾਹ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਕਥਿਤ ਤੌਰ ’ਤੇ ਸਿਆਸੀ ਰਸੂਖ਼ ਵਰਤ ਕੇ ਅਮੀਰ ਲੋਕ ਹੀ ਭਲਾਈ ਸਕੀਮਾਂ ਦਾ ਲਾਭ ਉਠਾਉਂਦੇ ਰਹੇ ਹਨ। ਇਸ ਸਬੰਧੀ ਸਿਵਲ ਸਕੱਤਰੇਤ ਵਿੱਚ ਪੀੜਤ ਵਿਅਕਤੀਆਂ ਦੀਆਂ ਸ਼ਿਕਾਇਤਾਂ ਦਾ ਢੇਰ ਲੱਗਾ ਹੋਇਆ ਹੈ। ਮੁਹਾਲੀ ਨਿਗਮ ਭਵਨ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਕੇਂਦਰ ਸਬੰਧੀ ਸਕੀਮਾਂ ਦੀ ਸਮੀਖਿਆ ਲਈ ਵੱਖ-ਵੱਖ ਵਿਭਾਗਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਭਲਾਈ ਸਕੀਮਾਂ ਦਾ ਗਲਤ ਤਰੀਕੇ ਨਾਲ ਫਾਇਦਾ ਚੁੱਕਣ ਵਾਲੇ ਵਿਅਕਤੀਆਂ ਤੋਂ ਸਰਕਾਰੀ ਪੈਸੇ ਦੀ ਰਿਕਵਰੀ ਕੀਤੀ ਜਾਵੇਗੀ।
ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੌਜੂਦਾ ਸਰਕਾਰ ਪੰਜ ਸਾਲ ਦੌਰਾਨ ਆਪਣੇ ਚੋਣ ਵਾਅਦੇ ਹਰ ਕੀਮਤ ’ਤੇ ਪੂਰੇ ਕਰੇਗੀ ਅਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਪਟਨ ਸਰਕਾਰ ਨੂੰ ਥੋੜ੍ਹਾ ਸਮਾਂ ਦੇਣ ਤਾਂ ਜੋ ਤਬਾਹੀ ਦੇ ਕੰਢੇ ਪੁੱਜੇ ਸੂਬੇ ਨੂੰ ਤਰੱਕੀ ਦੀ ਲੀਹ ’ਤੇ ਪਾਇਆ ਜਾ ਸਕੇ।