ਚੰਡੀਗੜ੍ਹ: ਖਨੌਰੀ ਸਰਹੱਦ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਇਹ ਖਦਸ਼ੇ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਜਾਰੀ ਕੀਤੇ ਹਨ। ਅੱਜ ਕਿਸਾਨਾ ਦੇ ਨਾਲ ਇੱਕ ਸੰਦੇਸ਼ ਜਾਰੀ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਖਨੌਰੀ ਮੋਰਚੇ ਨੇੜ੍ਹੇ ਪੁਲਿਸ ਫੋਰਸ ਵਧਾ ਦਿੱਤੀ ਗਈ ਹੈ, ਤੇ ਕੋਈ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਖਨੌਰੀ ਬਾਰਡਰ ‘ਤੇ 35 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਪੰਜਾਬ ਸਰਕਾਰ ਹਸਪਤਾਲ ‘ਚ ਦਾਖਲ ਕਰਵਾਉਣ ਲਈ ਯਤਨਸ਼ੀਲ, ਤੇ ਇਸ ਸਬੰਧੀ ਕੋਸ਼ਿਸ਼ਾਂ ਵੀ ਹੋ ਸਕਦੀਆਂ ਹਨ। ਸਾਬਕਾ ਏਡੀਜੀਪੀ ਜਸਕਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਖਨੌਰੀ ਸਰਹੱਦ ’ਤੇ ਪੁੱਜ ਗਈ ਹੈ। ਉਨ੍ਹਾਂ ਦੇ ਨਾਲ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੱਧੂ ਅਤੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਵੀ ਮੌਜੂਦ ਹਨ।
ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 31 ਦਸੰਬਰ ਤੋਂ ਪਹਿਲਾਂ ਡੱਲੇਵਾਲ ਨੂੰ ਅਸਥਾਈ ਹਸਪਤਾਲ ਵਿੱਚ ਤਬਦੀਲ ਕਰਨ ਲਈ ਕਿਹਾ ਹੈ। ਅਜਿਹਾ ਨਾਂ ਹੋਣ ’ਤੇ ਮੁੱਖ ਸਕੱਤਰ ਅਤੇ ਡੀਜੀਪੀ ਖ਼ਿਲਾਫ਼ ਅਦਾਲਤ ਦੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਜਾ ਸਕਦਾ ਹੈ। ਇਸ ‘ਤੇ ਕੱਲ ਯਾਨੀ 31 ਦਸੰਬਰ ਨੂੰ ਮੁੜ ਸੁਣਵਾਈ ਹੋਵੇਗੀ।
ਇਸ ਮੌਕੇ ਸਾਬਕਾ ਇਹ ਡੀਜੀਪੀ ਜਸਕਰਨ ਸਿੰਘ ਨੇ ਦੱਸਿਆ ਹੈ ਕਿ ਦੋ ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਹਨ ਅੱਜ ਤੀਜੇ ਦੌਰ ਦੀ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਲਾਜ ਦੀ ਸਹਿਮਤੀ ਦੇਣ ਤੇ ਡਾਕਟਰਾਂ ਦੀ ਉੱਚ ਪੱਧਰੀ ਟੀਮ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਕੀਮਤੀ ਹੈ। ਉਨ੍ਹਾਂ ਨੂੰ ਮਨਾਉਣ ਲਈ ਵਾਰ ਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਸੇ ਦੌਰਾਨ ਕੁਝ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਜਾਰੀ ਰੱਖ ਰਹੇ ਹਨ, ਦੂਜੇ ਪਾਸੇ ਮੋਰਚੇ ’ਤੇ ਹਮਲੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਕਿਸਾਨ ਆਗੂ ਡੱਲੇਵਾਲ ਨੂੰ ਚੁੱਕਣ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਜਾਣਾ ਪਵੇਗਾ। ਇਸੇ ਤਹਿਤ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਵੀ ਕਿਸਾਨਾਂ ਨੂੰ ਅਲਰਟ ਕਰ ਦਿੱਤਾ ਹੈ ਕਿ ਖਨੌਰੀ ਮੋਰਚੇ ‘ਤੇ ਕਿਸੇ ਵੀ ਸਮੇਂ ਕੁੱਝ ਵੀ ਹੋ ਸਕਦਾ ਇਸ ਲਈ ਸਾਰੇ ਤਿਆਰੀ ਕਰਕੇ ਰੱਖਣ ਕਿਸੇ ਵੇਲੇ ਵੀ ਖਨੌਰੀ ਨੂੰ ਚਾਲੇ ਪਾਣੇ ਪੈ ਸਕੇਦ ਨੇ
29 ਦਸੰਬਰ ਨੂੰ ਵੀ ਪ੍ਰਸ਼ਾਸਨ ਦੀਆਂ ਟੀਮਾਂ ਨੇ ਖਨੌਰੀ ਸਰਹੱਦ ‘ਤੇ ਪਹੁੰਚ ਕੇ ਕਿਸਾਨ ਆਗੂਆਂ ਤੇ ਡੱਲੇਵਾਲ ਨਾਲ ਗੱਲਬਾਤ ਕੀਤੀ ਪਰ ਉਨ੍ਹਾਂ ਦੀ ਗੱਲਬਾਤ ਅਸਫਲ ਰਹੀ | ਡੱਲੇਵਾਲ ਨੇ ਬੀਤੀ ਰਾਤ ਦੋਸ਼ ਲਾਇਆ ਕਿ ਪੰਜਾਬ ਸਰਕਾਰ ਮੋਰਚੇ ’ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਮੋਰਚੇ ਨੂੰ ਕੁਚਲਣ ਦੀ ਕੋਸ਼ਿਸ਼ ਹੈ। ਡੱਲੇਵਾਲ ਫਸਲਾਂ ਦੇ ਘੱਟੋ-ਘੱਟ ਖਰੀਦ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।