ਟੋਰਾਂਟੋ— 10 ਸਾਲ ਤੱਕ ਕੈਨੇਡਾ ਦੀ ਜੇਲ ‘ਚ ਬੰਦ ਰਹੇ ਉਮਰ ਖਦਰ ਨੂੰ ਕੈਨੇਡਾ ਦੀ ਸਰਕਾਰ ਨੇ ਮੁਆਵਜ਼ੇ ਦੇ ਤੌਰ ‘ਤੇ 81 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਸੀ ਪਰ ਅਫਗਾਨਿਸਤਾਨ ‘ਚ ਮਾਰੇ ਗਏ ਇਕ ਅਮਰੀਕੀ ਫੌਜੀ ਦੀ ਵਿਧਵਾ ਨੇ ਕੋਰਟ ‘ਚ ਅਪੀਲ ਕੀਤੀ ਸੀ ਕਿ ਖਦਰ ਨੂੰ ਮੁਆਵਜ਼ੇ ਦੀ ਰਾਸ਼ੀ ਨਾ ਦਿੱਤੀ ਜਾਵੇ।
ਟੋਰਾਂਟੋ ਦੇ ਜੱਜ ਨੇ ਉਮਰ ਦੇ ਮੁਆਵਜ਼ੇ ਨੂੰ ਫਰੀਜ਼ ਕਰਨ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ ਹੈ। ਜਸਟਿਸ ਐਡਵਰਡ ਬੇਲੋਬਾਬਾ ਨੇ ਕਿਹਾ ਕਿ ਅਮਰੀਕੀ ਸਿਪਾਹੀ ਦੀ ਵਿਧਵਾ ਵਲੋਂ ਕੀਤੀ ਗਈ ਬੇਨਤੀ ਆਸਾਧਾਰਣ ਹੈ ਤੇ ਖਦਰ ਦੇ ਮੁਆਵਜ਼ੇ ਨੂੰ ਫਰੀਜ਼ ਨਹੀਂ ਕੀਤਾ ਜਾ ਸਕਦਾ। ਖਦਰ ਨੇ ਇਹ ਸਵੀਕਾਰ ਕੀਤਾ ਸੀ ਕਿ ਉਸ ਵਲੋਂ ਸੁੱਟੇ ਗਏ ਗ੍ਰੇਨੇਡ ਨਾਲ ਹੀ ਅਮਰੀਕੀ ਫੌਜੀ ਕ੍ਰਿਸ ਸਪੀਅਰ ਦੀ ਮੌਤ ਹੋ ਗਈ ਸੀ ਪਰ ਉਸ ਨੇ ਬਾਅਦ ‘ਚ ਕਿਹਾ ਕਿ ਇਸੇ ਜੁਰਮ ਕਾਰਨ ਉਸ ਨੂੰ 10 ਸਾਲ ਕੈਦ ‘ਚ ਰੱਖਿਆ ਗਿਆ ਸੀ।
ਕੈਨੇਡਾ ‘ਚ ਜੰਮੇ ਖਦਰ ਨੂੰ ਸਿਰਫ 15 ਸਾਲ ਦੀ ਉਮਰ ‘ਚ ਅਮਰੀਕੀ ਫੌਜ ਵਲੋਂ ਅਫਗਾਨਿਸਤਾਨ ‘ਚ ਫੜ ਲਿਆ ਗਿਆ ਸੀ। ਖਦਰ ਨੂੰ ਇਸ ਦੇ ਬਾਅਦ ਗਵਾਂਤਾਨਾਮੋ ਲਿਜਾਇਆ ਗਿਆ ਤੇ ਉਸ ‘ਤੇ ਫੌਜ ਕਮਿਸ਼ਨ ਵਲੋਂ ਜੰਗੀ ਅਪਰਾਧਾਂ ਦੇ ਦੋਸ਼ ਲਗਾਏ ਗਏ ਸਨ।