ਚੰਡੀਗੜ੍ਹ, 3 ਜਨਵਰੀ
ਖਣਨ ਮਾਮਲੇ ਵਿੱਚ ਨਵੇਂ ਸਬੂਤ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਨੇ ਅੱਜ ਸਿੰਜਾਈ ਅਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਨਵੇਂ ਸਿਰਿਓਂ ਜਾਂਚ ਕਰਾਉਣ ਦੀ ਮੰਗ ਕਰਦਿਆਂ ਜਸਟਿਸ ਜੇ ਐਸ ਨਾਰੰਗ ਦੀ ਆਲੋਚਨਾ ਕੀਤੀ।
ਵਿਰੋਧੀ ਧਿਰ ਦੇ ਨੇਤਾ ਸੁਖ਼ਪਾਲ ਖਹਿਰਾ ਨੇ ਜਸਟਿਸ ਨਾਰੰਗ ਨੂੰ ਲਿਖੇ ਖੁੱਲ੍ਹੇ ਖ਼ਤ ਵਿੱਚ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਸਪਸ਼ਟ ਸਬੂਤਾਂ ਦੀ ਅਣਦੇਖੀ ਕੀਤੀ ਗਈ, ਜਿਸ ਤੋਂ ਪਤਾ ਚੱਲਦਾ ਹੈ ਕਿ ਨਾਰੰਗ ਕਮਿਸ਼ਨ ਦੀ ਜਾਂਚ ਨਾ ਸਿਰਫ ਗਲਤ ਸੀ ਸਗੋਂ ਇਹ ਪੂਰੀ ਤਰ੍ਹਾਂ ਧੋਖਾਧੜੀ ਅਤੇ ਧੋਖੇਬਾਜ਼ੀ ’ਤੇ ਅਧਾਰਤ ਸੀ। ਉਨ੍ਹਾਂ ਕਿਹਾ ਕਿ ਕਾਰਪੋਰੇਟ ਮਾਮਲਿਆਂ ਦਾ ਰਿਕਾਰਡ ਅੱਜ ਵੀ ਇਹੀ ਦਰਸ਼ਾਉਂਦਾ ਹੈ ਕਿ ਅਮਿਤ ਬਹਾਦੁਰ ਕੰਪਨੀ ਵਿੱਚ ਡਾਇਰੈਕਟਰ ਹੈ ਜੋ ਮੰਤਰੀ ਦੇ ਦਫ਼ਤਰ ’ਤੇ ਰਜਿਸਟਡਰ ਹੋਈ ਸੀ। ਉਹ ਕਥਿਤ ਦਾਗ਼ੀ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਮੋਹਰੀ ਸੀ, ਪਰ ਨਾਰੰਗ ਕਮਿਸ਼ਨ ਨੇ ਇਸ ਸੱਚਾਈ ਨੂੰ ਨਜ਼ਰਅੰਦਾਜ਼ ਕੀਤਾ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸ੍ਰੀ ਨਾਰੰਗ ਨੇ ਜਾਣਬੁੱਝ ਕੇ ਇਸ ਤੱਥ ਨੂੰ ਨਜ਼ਰਅੰਦਾਜ਼ ਕੀਤਾ , ਜਿਸ ਵਿੱਚ ਗੁਰਿੰਦਰ ਸਿੰਘ ਵੱਲੋਂ 5 ਕਰੋੜ ਰੁਪਏ ਸਾਹਿਲ ਸਿੰਗਲਾ ਦੇ ਭਤੀਜੇ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਸੀ, ਜਿਸ ਨੇ ਬਦਲੇ ਵਿੱਚ ਇਹ ਰਾਸ਼ੀ ਮੈਸਰਜ਼ ਰਾਜਬੀਰ ਐਂਟਰਪ੍ਰਾਈਜ਼ਿਜ਼ ਦੇ ਖਾਤੇ ਵਿੱਚ ਬੋਲੀ ਲਈ ਤਬਦੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਨਾਰੰਗ ਨੇ ਕਦੇ ਵੀ ਜਤਿਨ ਗਰਗ ਤੋਂ ਇਸ ਬਾਰੇ ਪੁੱਛਗਿਛ ਨਹੀਂ ਕੀਤੀ।  ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਜਸਟਿਸ ਨਾਰੰਗ ਨੇ ਜੇ ਸਹੀ ਤਰੀਕੇ ਨਾਲ ਮਾਮਲੇ ਦੀ ਜਾਂਚ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਦਾਗ਼ੀ ਕੰਟਰੈਕਟਰ ਗੁਰਿੰਦਰ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਵਿਚਾਲੇ ਸਬੰਧ ਜ਼ਰੂਰ ਮਿਲ ਜਾਂਦਾ। ਇਸ ਤੋਂ ਇਲਾਵਾ ਉਨ੍ਹਾਂ ਇਹ ਤੱਥ ਵੀ ਨਜ਼ਰਅੰਦਾਜ ਕੀਤੇ ਕਿ ਮੰਤਰੀ ਦੇ ਮੁਲਾਜ਼ਮਾਂ ਨੂੰ ਦੋ ਤੋਂ    ਵਧ ਖੱਡਾਂ ਅਲਾਟ ਕੀਤੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਨਾਰੰਗ ਪੰਜਾਬ ਦੇ ਲੋਕਾਂ ਤੋਂ ਨਕਲੀ ਅਤੇ ਕਲੀਨ ਚਿੱਟ ਦੇਣ ਵਾਲੀ ਜਾਂਚ ਲਈ ਮੁਆਫੀ਼ ਮੰਗਣ ਅਤੇ ਲੋਕਾਂ ਦੇ ਪੈਸੇ ਨੂੰ ਮੁੜ ਜਮ੍ਹਾਂ ਕਰਾਉਣ ਜਿਸ ਦੀ ਉਨ੍ਹਾਂ ਨੇ ਦੁਰਵਰਤੋਂ ਕੀਤੀ ਹੈ। ਇਕ ਵੱਖਰੇ ਬਿਆਨ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੰਗ ਕੀਤੀ ਕਿ ਖੱਡਾਂ ਦੀ ਨਿਲਾਮੀ ਲਈ ਦਿੱਤੇ ਪੰਜ ਕਰੋੜ ਰੁਪਏ ਦਾ ਰਾਣਾ ਗੁਰਜੀਤ ਸਿੰਘ ਨਾਲ ਸਬੰਧਤ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਇਸ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਨਵੇਂ ਸਿਰਿਓਂ ਜਾਂਚ ਕਰਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਦੀ ਨਵੇਂ ਸਿਰਿਓਂ ਜਾਂਚ ਦੇ ਹੁਕਮ ਦੇਣ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਇਸ ਦੀ ਨਿਗਰਾਨੀ ਕਰੇ ਅਤੇ ਉਦੋਂ ਤਕ ਰਾਣਾ ਗੁਰਜੀਤ ਸਿੰਘ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ।