ਤਰਨ ਤਾਰਨ, 24 ਮਈ
ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਅੱਜ ਐਲਾਨੇ ਨਤੀਜੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਵੱਲੋਂ ਆਪਣੇ ਨੇੜਲੇ ਵਿਰੋਧੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 1,40,300 ਵੋਟਾਂ ਦੇ ਭਾਰੀ ਫਰਕ ਨਾਲ ਮਾਤ ਦਿੱਤੀ ਹੈ| ਡਿੰਪਾ ਨੂੰ ਲੋਕ ਸਭਾ ਹਲਕੇ ਵਿੱਚੋਂ 4,57,990 ਵੋਟਾਂ ਮਿਲੀਆਂ ਹਨ ਜਦਕਿ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 3,17,690 ਵੋਟ ਮਿਲੇ ਹਨ| ਹਲਕੇ ਤੋਂ ਤੀਸਰੇ ਨੰਬਰ ’ਤੇ ਰਹੀ ਪੰਜਾਬ ਡੈਮੋਕਰੈਟਿਕ ਅਲਾਇੰਸ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ 2,13,550 ਵੋਟਾਂ ਹਾਸਲ ਹੋਈਆਂ ਹਨ|
ਲੋਕ ਸਭਾ ਹਲਕੇ ਅੰਦਰ ਆਉਂਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਇਕ ਅਜਿਹਾ ਹਲਕਾ ਹੈ ਜਿਥੋਂ ਬੀਬੀ ਖਾਲੜਾ ਨੂੰ ਅਕਾਲੀ ਦਲ ਦੀ ਉਮੀਦਵਾਰ ਤੋਂ 14,441 ਵੋਟਾਂ ਜ਼ਿਆਦਾ ਮਿਲੀਆਂ ਹਨ ਇਸ ਵਿਧਾਨ ਸਭਾ ਹਲਕੇ ਤੋਂ ਬੀਬੀ ਖਾਲੜਾ ਨੂੰ 42,042 ਵੋਟਾਂ ਅਤੇ ਬੀਬੀ ਜਗੀਰ ਕੌਰ ਨੂੰ 28,601 ਵੋਟਾਂ ਪ੍ਰਾਪਤ ਹੋਈਆਂ| ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਿੰਪਾ ਨੂੰ 47407 ਵੋਟਾਂ ਹਾਸਲ ਹੋਈਆਂ| ਸਰਕਾਰੀ ਵੇਰਵਿਆਂ ਅਨੁਸਾਰ ਜੇਤੂ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੂੰ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 50404, ਤਰਨ ਤਾਰਨ ਤੋਂ 47575, ਖੇਮਕਰਨ ਤੋਂ 55843, ਪੱਟੀ ਤੋਂ 50450, ਬਾਬਾ ਬਕਾਲਾ ਤੋਂ 57640, ਕਪੂਰਥਲਾ ਤੋਂ 39364, ਸੁਲਤਾਨਪੁਰ ਲੋਧੀ ਤੋਂ 40657 ਅਤੇ ਜੀਰਾ ਤੋਂ 64੩00 ਵੋਟਾਂ ਮਿਲੀਆਂ ਜਦਕਿ ਦੂਸਰੇ ਨੰਬਰ ’ਤੇ ਰਹੀ ਬੀਬੀ ਜਗੀਰ ਕੌਰ ਨੂੰ ਇਨ੍ਹਾਂ ਹਲਕਿਆਂ ਤੋਂ ਕਰਮਵਾਰ 28360, 36709, 44381, 44588, 31231, 32140, 26957 ਅਤੇ 44721 ਵੋਟਾਂ ਪ੍ਰਾਪਤ ਹੋਈਆਂ| ਸ੍ਰੀ ਡਿੰਪਾ ਲੋਕ ਸਭਾ ਹਲਕੇ ਅਧੀਨ ਆਉਂਦੇ ਨੌਂ ਦੇ ਨੌਂ ਵਿਧਾਨ ਸਭਾ ਹਲਕਿਆਂ ਤੋਂ ਹੀ ਲੀਡ ਲੈਣ ਵਿਚ ਕਾਮਯਾਬ ਰਹੇ ਹਨ| ਹਲਕੇ ਤੋਂ ਕੁਲ 19 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ| ਆਮ ਆਦਮੀ ਪਾਰਟੀ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੂੰ ਮਾਤਰ 13,155 ਵੋਟਾਂ ਨਾਲ ਹੀ ਸਬਰ ਕਰਨਾ ਪਿਆ| ਸ੍ਰੀ ਸਿੱਧੂ ਸਮੇਤ ਬਾਕੀ ਦੇ 16 ਉਮੀਦਵਾਰ ਆਪਣੀਆਂ ਜ਼ਮਾਨਤਾਂ ਤੱਕ ਵੀ ਨਹੀਂ ਬਚਾਅ ਸਕੇ ਇਹ ਸਾਰੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਮੈਦਾਨ ਵਿੱਚ ਆਏ ਸਨ| ਇਸੇ ਤਰ੍ਹਾਂ ਖਡੂਰ ਸਾਹਿਬ ਵਿੱਚ ਨੋਟਾ ਨੂੰ 5,082 ਵੋਟਾਂ ਪਈਆਂ।
ਜਸਬੀਰ ਸਿੰਘ ਡਿੰਪਾ ਜੇਤੂ ਹੋਣ ਦਾ ਸਰਟੀਫਿਕੇਟ ਲਏ ਬਿਨਾਂ ਹੀ ਆਪਣੇ ਹਮਾਇਤੀਆਂ ਨਾਲ ਜਲੂਸ ਦੀ ਸ਼ਕਲ ਵਿੱਚ ਗੁਰਦਵਾਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਮੱਥਾ ਟੇਕਣ ਲਈ ਰਵਾਨਾ ਹੋ ਗਏ| ਉਹ ਜ਼ਿਲ੍ਹੇ ਦੇ ਤਰਨ ਤਾਰਨ, ਖੇਮਕਰਨ, ਪੱਟੀ ਅਤੇ ਖੇਮਕਰਨ ਦੇ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਅਤੇ ਜੰਡਿਆਲਾ ਗੁਰੂ ਹਲਕਿਆਂ ਨੂੰ ਵੀ ਗਏ ਅਤੇ ਵੋਟਰਾਂ ਦਾ ਧੰਨਵਾਦ ਕੀਤਾ| ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਪੰਜਾਬ ਡੈਮੋਕਰੈਟਿਕ ਅਲਾਇੰਸ ਦੀ ਬੀਬੀ ਪਰਮਜੀਤ ਕੌਰ ਖਾਲੜਾ ਤੋਂ ਵੱਡੇ ਫਰਕ ਨਾਲ ਪਿੱਛੇ ਰਹਿਣ ’ਤੇ ਤਸੱਲੀ ਦਾ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਜਿਸ ਦਾ ਕੋਈ ਰਾਜਸੀ ਭਵਿੱਖ ਦਿਖਾਈ ਨਹੀਂ ਦੇ ਰਿਹਾ| ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦਾ ਹਿੰਦੂ ਨਰਿੰਦਰ ਮੋਦੀ ਨਾਲ ਖੜਾ ਹੈ ਤੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਜਿੱਤ ਵਿੱਚ ਵੀ ਮੋਦੀ ਲਹਿਰ ਨੇ ਪ੍ਰਭਾਵ ਪਾਇਆ ਹੈ|