ਚੰਡੀਗੜ੍ਹ,
ਮੁੱਖ ਮੰਤਰੀ ਅਤੇ ਰਾਜਪਾਲ ਦਰਮਿਆਨ ਬਣੀ ਖਿੱਚੋਤਾਣ ਦਰਮਿਆਨ ਦੋਵੇਂ ਧਿਰਾਂ ਦੇ ਸੁਰ ਨਰਮ ਹੋਣ ਦੇ ਸੰਕੇਤ ਮਿਲਣ ਲੱਗੇ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੌਮੀ ਖੇਡ ਦਿਵਸ ਮੌਕੇ ਪੰਜਾਬ ਦੀ ਰੱਜਵੀਂ ਤਾਰੀਫ਼ ਕੀਤੀ ਸੀ ਅਤੇ ਮੀਡੀਆ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਇਧਰ, ਪੰਜਾਬ ਸਰਕਾਰ ਨੇ ਰਾਜਪਾਲ ਵੱਲੋਂ ਭੇਜੇ ਪੱਤਰਾਂ ਦੇ ਜੁਆਬ ਦੇਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਕੁੜੱਤਣ ਘਟਾਉਣ ਵੱਲ ਕਦਮ ਵਧਾਏ ਜਾ ਸਕਣ। ਰਾਜਪਾਲ ਨੇ ਹੁਣ ਤੱਕ ਕੁੱਲ 16 ਪੱਤਰ ਪੰਜਾਬ ਸਰਕਾਰ ਨੂੰ ਭੇਜੇ ਹਨ ਜਿਨ੍ਹਾਂ ਦੀ ਚਰਚਾ ਉਹ ਕਈ ਵਾਰ ਮੀਡੀਆ ਕੋਲ ਕਰ ਚੁੱਕੇ ਹਨ। ਇਵੇਂ ਹੀ ਮੁੱਖ ਮੰਤਰੀ ਵੀ ਆਖ ਚੁੱਕੇ ਹਨ ਕਿ 9 ਪੱਤਰਾਂ ਦਾ ਜੁਆਬ ਭੇਜਿਆ ਜਾ ਚੁੱਕਾ ਹੈ। ਹੁਣ ਪੰਜਾਬ ਸਰਕਾਰ ਨੇ ਬਾਕੀ ਪੱਤਰਾਂ ਦੇ ਜੁਆਬ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਸੂਤਰਾਂ ਅਨੁਸਾਰ ਬਕਾਇਆ ਪਏ ਛੇ ਪੱਤਰਾਂ ਦੇ ਜੁਆਬ ਤਿਆਰ ਕਰ ਲਏ ਗਏ ਹਨ ਅਤੇ ਇਨ੍ਹਾਂ ਚੋਂ ਇੱਕ ਇੱਕ ਕਰਕੇ ਪੱਤਰਾਂ ਦੇ ਜੁਆਬ ਰਾਜ ਭਵਨ ਨੂੰ ਜਾਣੇ ਸ਼ੁਰੂ ਹੋ ਗਏ ਹਨ। ਕਰੀਬ ਇੱਕ ਹਫ਼ਤੇ ਵਿਚ ਸਾਰੇ ਪੱਤਰਾਂ ਦੇ ਜੁਆਬ ਦੇਣ ਨੂੰ ਸਰਕਾਰ ਯਕੀਨੀ ਬਣਾ ਰਹੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ। ਚੇਤੇ ਰਹੇ ਕਿ ਇਨ੍ਹਾਂ ਪੱਤਰਾਂ ਨੂੰ ਲੈ ਕੇ ਵੱਡਾ ਬਿਖੇੜਾ ਖੜ੍ਹਾ ਹੋਇਆ ਸੀ। ਸੁਪਰੀਮ ਕੋਰਟ ਨੇ ਵੀ ਸਰਕਾਰ ਨੂੰ ਇਨ੍ਹਾਂ ਪੱਤਰਾਂ ਦੇ ਜੁਆਬ ਦੇਣ ਲਈ ਕਿਹਾ ਸੀ। ਦੋਵਾਂ ਧਿਰਾਂ ਨੇ ਪਹਿਲੀ ਦਫ਼ਾ ਸੁਖਾਵਾਂ ਮਾਹੌਲ ਬਣਾਉਣ ਵਾਲੇ ਸੰਕੇਤ ਦਿੱਤੇ ਹਨ। ਸਿਆਸੀ ਹਲਕਿਆਂ ਨੂੰ ਹਾਲੇ ਯਕੀਨ ਨਹੀਂ ਬੱਝ ਰਿਹਾ ਕਿ ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ਸੁਰ ਸਦੀਵੀ ਬਣ ਸਕਣਗੇ ਕਿਉਂਕਿ ਦੋਵਾਂ ਧਿਰਾਂ ਨੇ ਸਿਆਸੀ ਲੜਾਈ ਨੂੰ ਸਿਖਰ ’ਤੇ ਲਿਆਂਦਾ ਸੀ। ਸਿਖਰ ਉਦੋਂ ਹੋਇਆ ਜਦੋਂ ਰਾਜਪਾਲ ਨੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਗਾਏ ਜਾਣ ਦੀ ਸਿਫ਼ਾਰਸ਼ ਕੀਤੇ ਜਾਣ ਦੀ ਚਿਤਾਵਨੀ ਦੇ ਦਿੱਤੀ ਸੀ। ਹੁਣ ਜਦੋਂ ਪੰਜਾਬ ਸਰਕਾਰ ਨੇ ਰਾਜਪਾਲ ਦੇ ਬਕਾਇਆ ਪਏ ਪੱਤਰਾਂ ਦੇ ਜੁਆਬ ਦੇਣੇ ਸ਼ੁਰੂ ਕਰ ਦਿੱਤੇ ਹਨ ਤਾਂ ਰਾਜਪਾਲ ਕੋਲ ਇਸ ਮਾਮਲੇ ’ਚ ਹੁਣ ਕਹਿਣ ਲਈ ਕੋਈ ਗੱਲ ਬਾਕੀ ਨਹੀਂ ਬਚੇਗੀ। ਪਿਛਲੇ ਕੁਝ ਦਿਨਾਂ ਤੋਂ ਰਾਜਪਾਲ ਤੇ ਮੁੱਖ ਮੰਤਰੀ ਨੇ ਚੁੱਪ ਵੱਟੀ ਹੋਈ ਹੈ।
ਮੁੱਖ ਮੰਤਰੀ ਅਤੇ ਰਾਜਪਾਲ ਦਰਮਿਆਨ ਬਣੀ ਖਿੱਚੋਤਾਣ ਕਾਰਨ ਸੂਬੇ ਦਾ ਕੰਮ ਪ੍ਰਭਾਵਿਤ ਹੋਇਆ ਹੈ। ਸੂਬਾ ਸਰਕਾਰ ਦੀ ਬਹੁਤੀ ਊਰਜਾ ਇਸ ਪਾਸੇ ਲੱਗ ਰਹੀ ਸੀ। ਛੇ ਬਿੱਲ ਵੀ ਰਾਜਪਾਲ ਕੋਲ ਬਕਾਇਆ ਪਏ ਹਨ, ਜਿਨ੍ਹਾਂ ਦੇ ਰੁਕਣ ਕਰਕੇ ਬਿੱਲ ਕਾਨੂੰਨੀ ਰੂਪ ਨਹੀਂ ਲੈ ਸਕੇ ਹਨ। ਪੰਜਾਬ ਸਰਕਾਰ ਨੂੰ ਇਸ ਸਿਆਸੀ ਲੜਾਈ ਕਰਕੇ ਆਖ਼ਰ ਸੁਪਰੀਮ ਕੋਰਟ ਤੱਕ ਜਾਣਾ ਪਿਆ ਹੈ। ਪੰਜਾਬ ਨੂੰ ਇਹ ਆਢਾ ਵਾਰਾ ਨਹੀਂ ਖਾਂਦਾ ਹੈ ਕਿਉਂਕਿ ਪੰਜਾਬ ਸੰਕਟਾਂ ਚੋਂ ਗੁਜ਼ਰ ਰਿਹਾ ਹੈ। ਸਿਆਸੀ ਧਿਰਾਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੂੰ ਕੋਈ ਮਨਾਉਣ ਵਾਲਾ ਵੀ ਨਹੀਂ ਸੀ।