ਬਾਕਸਿੰਗ ਦੇ ਏਸ਼ੀਆ/ਓਸ਼ਨੀਆ ਓਲੰਪਿਕ ਕੁਆਲੀਫਾਇਰ ਮੁਕਾਬਲਿਆਂ ਵਿਚ ਪੰਜਾਬ ਦੀ ਸ਼ੇਰਨੀ ਸਿਮਰਨਜੀਤ ਕੌਰ ਬਾਠ ਨੇ ਕਜ਼ਾਖ਼ਸਤਾਨ ਦੀ ਮੁੱਕੇਬਾਜ਼ ਨੂੰ 5-1 ਤੇ ਵਿਸ਼ਵ ਦੀ ਨੰਬਰ ਦੋ ਮੁੱਕੇਬਾਜ਼ ਮੰਗੋਲੀਆ ਦੀ ਐੱਨ. ਮੋਨਖੋਰ ਨੂੰ ਵੀ 5-0 ਨਾਲ ਹਰਾ ਕੇ ਟੋਕੀਓ ਓਲੰਪਿਕ ਖੇਡਾਂ ਲਈ ਟਿਕਟ ਪੱਕੀ ਕਰ ਲਈ ਹੈ। ਇਹ ਪੰਜਾਬ ਦੀ ਸਾਧਾਰਨ ਪੇਂਡੂ ਲੜਕੀ ਦਾ ਐਸਾ ਕਮਾਲ ਹੈ ਜਿਸ ਉੱਤੇ ਦੇਸ਼ ਵਿਦੇਸ਼ ਵਿਚ ਵਸਦੇ ਭਾਰਤੀ ਮਾਣ ਕਰ ਸਕਦੇ ਹਨ। ਹੁਣ ਉਸ ਤੋਂ ਓਲੰਪਿਕ ਮੈਡਲ ਜਿੱਤਣ ਦੀਆਂ ਆਸਾਂ ਹੋਰ ਵੀ ਪੱਕੀਆਂ ਹੋ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ, ਦੇਸ਼ ਦੇ ਖੇਡ ਮੰਤਰੀ, ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ, ਪੰਜਾਬ ਦੇ ਖੇਡ ਮੰਤਰੀ, ਡਾਇਰੈਕਟਰ ਖੇਡਾਂ ਪੰਜਾਬ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਦੇਸ਼ ਵਿਦੇਸ਼ ਵਿਚ ਵਸਦੇ ਭਾਰਤੀਆਂ ਵੱਲੋਂ ਸਿਮਰਨਜੀਤ ਕੌਰ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।
ਸਿਮਰਨਜੀਤ ਸਾਡੇ ਪਿੰਡ ਚਕਰ ਦੀ ਧੀ ਹੈ। ਚਕਰ ਦੇ ਸਰਕਾਰੀ ਸਕੂਲ ਵਿਚ ਪੜ੍ਹਦਿਆਂ ਛੋਟੀ ਉਮਰ ਤੋਂ ਹੀ ਉਸ ਨੇ ਕੱਚੇ ਬਾਕਸਿੰਗ ਰਿੰਗ ’ਚੋਂ ਮੁੱਕੇਬਾਜ਼ੀ ਸਿੱਖਣੀ ਸ਼ੁਰੂ ਕੀਤੀ ਸੀ। ਪੰਜਾਹ ਪਚਵੰਜਾ ਵਰ੍ਹਿਆਂ ਤੋਂ ਖੇਡ ਲੇਖਕ ਹੋਣ ਕਰਕੇ ਮੇਰੀ ਚਿਰੋਕਣੀ ਰੀਝ ਸੀ ਕਿ ਸਾਡੇ ਪਿੰਡ ਦਾ ਕੋਈ ਲੜਕਾ/ਲੜਕੀ ਓਲੰਪੀਅਨ ਬਣੇ। ਨੈਸ਼ਨਲ ਚੈਂਪੀਅਨ ਤਾਂ ਮੇਰੇ ਪੁੱਤਰਾਂ ਸਮੇਤ ਕਈ ਹੋਰ ਚਕਰੀਏ ਵੀ ਬਣੇ, ਪਰ ਓਲੰਪੀਅਨ ਬਣਨ ਦੀ ਪਹਿਲ ਸਿਮਰ ਚਕਰ ਨੇ ਕੀਤੀ ਹੈ। ਚਕਰ ਵਿੱਚ ਮੁੱਕੇਬਾਜ਼ੀ ਦੀ ਸ਼ੁਰੂਆਤ ਮੇਰੇ ਭਤੀਜੇ ਪ੍ਰਿੰ. ਬਲਵੰਤ ਸਿੰਘ ਸੰਧੂ ਨੇ 14 ਨਵੰਬਰ 2005 ਨੂੰ ਬਾਲ ਦਿਵਸ ਉਤੇ ਪੈੜਾਂ ਦੀ ਸੱਥ ਤੋਂ ਸ਼ੁਰੂ ਕੀਤੀ ਸੀ। ਅਨੁਸ਼ਾਸਨ ਦਾ ਅਜਿਹਾ ਖੇਡ ਮਾਹੌਲ ਸਿਰਜਿਆ ਗਿਆ ਕਿ ਪਿੰਡ ਦੀਆਂ ਕੁੜੀਆਂ ਵੀ ਬੇਝਿਜਕ ਬਾਕਸਿੰਗ ਰਿੰਗ ਵਿਚ ਆਉਣ ਲੱਗ ਪਈਆਂ। ਮਾਰਚ 2006 ਤੋਂ ਕੈਨੇਡਾ ਵਸਦੇ ਅਜਮੇਰ ਸਿੰਘ ਸਿੱਧੂ ਦੇ ਪਰਿਵਾਰ ਨੇ ਚਕਰ ਦੀ ਖੇਡ ਅਕੈਡਮੀ ਨੂੰ ਅਪਨਾ ਲਿਆ। ਹੁਣ ਚਕਰ ਨੂੰ ਮੁੱਕੇਬਾਜ਼ੀ ਦਾ ਕਿਊਬਾ ਕਿਹਾ ਜਾ ਸਕਦੈ।
ਸਿਮਰ ਚਕਰ, ਮੇਰੇ ਮੋਏ ਮਿੱਤਰ ਮਹਿੰਦਰ ਸਿੰਘ ਚਕਰ ਦੀ ਪੋਤਰੀ ਹੈ। ਉਹ ਲੇਖਕ ਸੀ ਤੇ ਪਿੰਡ ਦੀ ਸਹਿਕਾਰੀ ਸਭਾ ਦਾ ਸੈਕਟਰੀ। ਉਹਦੇ ਪਹਿਲੇ ਨਾਵਲ ਦਾ ਨਾਂ ‘ਕੱਲਰ ਦੇ ਕੰਵਲ’ ਸੀ ਤੇ ਦੂਜੇ ਦਾ ‘ਸੂਰਾ ਸੋ ਪਹਿਚਾਨੀਏ’। ਉਸ ਦੀ ਪੋਤੀ ਸੱਚਮੁੱਚ ਕੱਲਰ ਦਾ ਕੰਵਲ ਬਣ ਕੇ ਨਿਤਰੀ ਹੈ। ਕਾਮਰੇਡ ਮਹਿੰਦਰ ਸਿੰਘ ਨੂੰ ਦਹਿਸ਼ਤੀ ਦੌਰ ਵਿਚ ਦੋ ਅਣਜਾਣੇ ਬੰਦਿਆਂ ਨੇ ਏਕੇ47 ਦਾ ਬ੍ਰੱਸਟ ਮਾਰ ਕੇ ‘ਸ਼ਹੀਦ’ ਕਰ ਦਿੱਤਾ ਸੀ। ਅੱਜ ਮੈਂ ਸੋਚਦਾਂ, ਮਹਿੰਦਰ ਜਿਊਂਦਾ ਹੁੰਦਾ ਤਾਂ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਹੁੰਦੇ ਵੇਖਦਾ। ਹੁਣ ਤਾਂ ਸਿਮਰ ਦਾ ਪਿਤਾ ਕਮਲਜੀਤ ਵੀ ਜੱਗ ’ਤੇ ਨਹੀਂ ਰਿਹਾ। ਹਾਂ, ਉਹਦੀ ਮਾਂ ਜੱਗ ’ਤੇ ਜ਼ਰੂਰ ਹੈ, ਜੋ ਔਖੇ ਸੌਖੇ ਦੋ ਧੀਆਂ ਤੇ ਦੋ ਪੁੱਤਰਾਂ ਨੂੰ ਪਾਲਦੀ ਹੈ। ਸਿਮਰ ਨੇ ਜਿੱਤ ਦਾ ਸਿਹਰਾ ਆਪਣੀ ਮਾਂ ਸਿਰ ਬੰਨ੍ਹਿਆ ਹੈ। ਪਰਿਵਾਰ ਦੀ ਆਰਥਿਕ ਹਾਲਤ ਅਜਿਹੀ ਹੈ ਕਿ ਮਹਿੰਦਰ ਸਿੰਘ ਦੀ ਅੱਠ ਕਿੱਲਿਆਂ ਦੀ ਜਾਇਦਾਦ ਚਾਰ ਪੁੱਤਰਾਂ ਵਿਚ ਵੰਡੀਦੀ ਸਾਰੀ ਦੀ ਸਾਰੀ ਖੁਰ ਚੁੱਕੀ ਹੈ। ਹੁਣ ਜ਼ਮੀਨ ਦਾ ਇਕ ਓਰਾ ਵੀ ਨਹੀਂ ਹੈ ਸਿਮਰ ਦੀ ਮਾਂ ਕੋਲ। ਮਾਂ ਕੋਲ ਕੇਵਲ ਮਜ਼ਦੂਰੀ ਤੇ ਮਜਬੂਰੀ ਹੈ।
ਪੰਜਾਬ ਦੀ ਮੇਰੀਕੋਮ ਕਹੀ ਜਾਂਦੀ ਸਿਮਰ ਚਕਰ ਨੇ 2018 ਵਿਚ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਦਿੱਲੀ ’ਚੋਂ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣਾ ਪਿੰਡ ਚਕਰ ਚਰਚਾ ਵਿਚ ਲੈ ਆਂਦਾ ਸੀ। ਪਹਿਲਾਂ ਇਸੇ ਪਿੰਡ ਦੀ ਮਨਦੀਪ ਕੌਰ ਸੰਧੂ ਨੇ ਜੂਨੀਅਰ ਵਰਲਡ ਚੈਂਪੀਅਨ ਬਣ ਕੇ ਚਕਰ ਚਰਚਾ ਵਿੱਚ ਲਿਆਂਦਾ ਸੀ। ਇਹ ਪਹਿਲੀ ਵਾਰ ਹੋਇਆ ਸੀ ਕਿ ਪੰਜਾਬ ਦੀ ਕੋਈ ਲੜਕੀ ਔਰਤਾਂ ਦੀ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਦੇ ਜਿੱਤਮੰਚ ’ਤੇ ਚੜ੍ਹਨ ਵਿੱਚ ਕਾਮਯਾਬ ਹੋਈ ਸੀ। ਚਕਰ ਦੇ ਸਰਕਾਰੀ ਸਕੂਲ ਵਿੱਚ ਪੜ੍ਹੀ, ਚਕਰ ਅਕੈਡਮੀ ਦੀ ਤਰਾਸ਼ੀ ਮੁੱਕੇਬਾਜ਼ ਕੁੜੀ ਦਾ ਵਿਸ਼ਵ ਦੀਆਂ ਉਪਰਲੀਆਂ ਚਾਰ ਮੁੱਕੇਬਾਜ਼ਾਂ ਵਿਚ ਆ ਖੜ੍ਹਨਾ ਬੜੀ ਵੱਡੀ ਪ੍ਰਾਪਤੀ ਸੀ।
ਸਾਡੇ ਦੇਸ਼ ਦੀਆਂ ਕੁੜੀਆਂ ਨੂੰ ਸਹੀ ਸੇਧ ਮਿਲੇ ਤਾਂ ਉਹ ਕੁਝ ਦਾ ਕੁਝ ਕਰ ਕੇ ਵਿਖਾ ਸਕਦੀਆਂ ਹਨ। ਚਕਰ ਦੀਆਂ ਧੀਆਂ ਦੀ ਮਿਸਾਲ ਸਾਡੇ ਸਾਹਮਣੇ ਹੈ। ਮੁੱਕੇਬਾਜ਼ੀ ਵਰਗੀ ਜੁਝਾਰੂ ਖੇਡ ਵਿਚ ਚਕਰ ਦੀਆਂ ਕੁੜੀਆਂ ਨੇ ਪੰਜਾਬ, ਭਾਰਤ ਤੇ ਅੰਤਰਰਾਸ਼ਟਰੀ ਪੱਧਰ ’ਤੇ ਦਰਜਨਾਂ ਮੈਡਲ ਜਿੱਤੇ ਹਨ। 2006 ਵਿਚ ਪਹਿਲੀ ਮੁੱਕੇਬਾਜ਼ ਸ਼ਵਿੰਦਰ ਕੌਰ 2012 ਦੀ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨ ਬਣੀ ਸੀ ਜੋ ਭਾਰਤ ਦੀ ਸਰਬੋਤਮ ਮੁੱਕੇਬਾਜ਼ ਐਲਾਨੀ ਗਈ। ਉਹ ਭਾਰਤੀ ਟੀਮ ਦੀ ਮੈਂਬਰ ਬਣ ਕੇ ਸ੍ਰੀਲੰਕਾ ਦਾ ਬਾਕਸਿੰਗ ਕੱਪ ਵੀ ਖੇਡੀ। ਮਨਦੀਪ ਕੌਰ ਸੰਧੂ ਏਸ਼ੀਆ ਦੀ ਬੈੱਸਟ ਜੂਨੀਅਰ ਬੌਕਸਰ ਐਲਾਨੀ ਗਈ। ਇਹ ਲੜਕੀ 24 ਮਈ 2015 ਨੂੰ ਤੈਪਈ ਵਿਚ ਮੁੱਕੇਬਾਜ਼ੀ ਦੀ ਜੂਨੀਅਰ ਵਿਸ਼ਵ ਚੈਂਪੀਅਨ ਬਣੀ। ਅਕਾਲ ਤਖਤ ਵੱਲੋਂ ਪਿੰਡ ਵਿਚ ਇਕੋ ਗੁਰਦਵਾਰਾ ਰੱਖਣ ਦੀ ਮੁਹਿੰਮ ਵੀ ਪਿੰਡ ਚਕਰ ਤੋਂ ਹੀ ਸ਼ੁਰੂ ਕੀਤੀ ਗਈ ਸੀ। ਚਕਰ ਦਸ ਹਜ਼ਾਰ ਤੋਂ ਵੱਧ ਆਬਾਦੀ ਵਾਲਾ ਪਿੰਡ ਹੈ ਪਰ ਗੁਰਦਵਾਰਾ ਇਕੋ ਹੈ।
ਸਿਮਰ ਚਕਰ ਦਾ ਪਿਤਾ ਕਮਲਜੀਤ ਸਿੰਘ ਆਰਥਿਕ ਤੰਗੀ ਕਾਰਨ ਕੰਮ ਕਾਰ ਬਦਲਦਾ ਠੇਕੇ ਦਾ ਕਾਰਿੰਦਾ ਜਾ ਬਣਿਆ ਸੀ ਜੋ ਅਧਖੜ ਉਮਰ ਵਿਚ ਹੀ ਜੁਲਾਈ 2018 ’ਚ ਚਲਾਣਾ ਕਰ ਗਿਆ। ਵਿਧਵਾ ਰਾਜਪਾਲ ਕੌਰ ਦੋ ਕਮਰਿਆਂ ਦੇ ਨਿੱਕੇ ਜਿਹੇ ਘਰ ਵਿਚ ਘਰੇਲੂ ਤੇ ਬਾਹਰਲੇ ਨਿੱਕੇ ਮੋਟੇ ਕੰਮ ਕਰਦੀ ਆਪਣੇ ਚਾਰਾਂ ਬੱਚਿਆਂ ਨੂੰ ਪਾਲਦੀ ਰਹੀ। ਉਸ ਦੀਆਂ ਦੋਵੇਂ ਲੜਕੀਆਂ ਅਮਨਦੀਪ ਤੇ ਸਿਮਰਨਜੀਤ ਅਤੇ ਦੋਵੇਂ ਲੜਕੇ ਅਰਸ਼ਦੀਪ ਤੇ ਕੰਵਲਪ੍ਰੀਤ ਬਾਕਸਿੰਗ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਚਾਹੀਦੈ ਕਿ ਵਿਸ਼ਵ ਚੈਂਪੀਅਨਸ਼ਿਪ ’ਚੋਂ ਤਗ਼ਮਾ ਜਿੱਤਣ ਵਾਲੀ ਗਰੀਬ ਘਰ ਦੀ ਇਸ ਬੀਏ ਪਾਸ ਹੁਸ਼ਿਆਰ ਲੜਕੀ ਨੂੰ ਨੌਕਰੀ ਦੇ ਕੇ ਪੰਜਾਬ ਵਿੱਚ ਰੱਖ ਲਵੇ।