ਨਵੀਂ ਦਿੱਲੀ, 20 ਨਵੰਬਰ

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਫੋਟੋਆਂ ਖਿਚਾਉਣ ਲਈ ਇਕ ਵਾਰ ਕੱਪੜੇ ਤੇ ਜੁੱਤੇ ਨਹੀਂ ਪਾਉਂਦੀ ਸਗੋਂ ਉਹ ਆਪਣੇ ਕੱਪੜਿਆਂ ਨੂੰ ਵਾਰ-ਵਾਰ ਪਾਉਂਦੀ ਹੈ ਕਿਉਂਕਿ ਉਸ ਨੂੰ ਕੱਪੜਿਆਂ ’ਤੇ ਜ਼ਿਆਦਾ ਖਰਚਾ ਕਰਨਾ ਤੇ ਉਨ੍ਹਾਂ ਨੂੰ ਇਕ ਵਾਰ ਪਾ ਕੇ ਸੁੱਟ ਦੇਣਾ ਪਸੰਦ ਨਹੀਂ ਹੈ। ਸੁਸ਼ਮਿਤਾ ਨੇ ਦੱਸਿਆ ਕਿ ਉਸ ਨੂੰ ਇਹ ਚਿੰਤਾ ਨਹੀਂ ਹੁੰਦੀ ਕਿ ਕੋਈ ਉਸ ਦੇ ਕੱਪੜਿਆਂ ਬਾਰੇ ਕੀ ਕਹਿ ਰਿਹਾ ਹੈ। ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਭਾਵੇਂ ਉਸ ਦੇ ਕੱਪੜੇ ਪਾਉਣ ਤੋਂ ਫੈਸ਼ਨ ਜਗਤ ਖੁਸ਼ ਨਹੀਂ ਹੈ ਪਰ ਉਹ ਆਪਣੇ ਪਾਏ ਕੱਪੜਿਆਂ ’ਤੇ ਸਹਿਜ ਮਹਿਸੂਸ ਕਰਦੀ ਹੈ। ਉਸ ਨੇ ਦੱਸਿਆ ਕਿ ਫੈਸ਼ਨ ਇਕ ਪੁਸਤਕ ਵਾਂਗ ਹੈ ਜਿਸ ਨੂੰ ਸਿਰਫ ਉਪਰਲੇ ਕਵਰ ਨਾਲ ਮੇਚਣਾ ਠੀਕ ਨਹੀਂ ਹੈ ਜਦਕਿ ਨਵੇਂ ਕੱਪੜਿਆਂ ਦੀ ਥਾਂ ਆਪਣੇ ਆਪ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਨਾ ਜ਼ਿਆਦਾ ਵਧੀਆ ਹੈ। ਜ਼ਿਕਰਯੋਗ ਹੈ ਕਿ ਸੁਸ਼ਮਿਤਾ ਨੇ ਪੰਜ ਸਾਲਾਂ ਬਾਅਦ ਵਾਪਸੀ ਕੀਤੀ ਹੈ ਤੇ ਉਹ ਇਸ ਵੇਲੇ ਵੈੱਬ ਸੀਰੀਜ਼ ਆਰੀਆ ਕਰ ਰਹੀ ਹੈ। ਉਹ ਇਸ ਵੇਲੇ ਰਿਐਲਟੀ ਫੈਸ਼ਨ ਸ਼ੋਅ ਵਿਚ ਜੱਜ ਦੀ ਭੂਮਿਕਾ ਨਿਭਾ ਰਹੀ ਹੈ।