ਨਵੀਂ ਦਿੱਲੀ, 24 ਅਗਸਤ
ਫਿਲਮਾਂ ਤੇ ਵੈੱਬ ਸੀਰੀਜ਼ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਸਦਕਾ ਸੁਰਖੀਆਂ ’ਚ ਆਏ ਅਦਾਕਾਰ ਅਲੀ ਫਜ਼ਲ ਦਾ ਕਹਿਣਾ ਹੈ ਕਿ ਕੰਮ ਦੀ ਗੁਣਵੱਤਾ ਹੀ ਹੁਨਰ ਨੂੰ ਨਿਖਾਰਦੀ ਹੈ। ਹਾਲਾਂਕਿ ਇੱਕ ਵੇਲਾ ਉਹ ਵੀ ਸੀ ਕਿ ਜਦੋਂ ਉਹ ਸਿਰਫ਼ ਕੰਮ ਦੀ ਮਾਤਰਾ ’ਤੇ ਧਿਆਨ ਦਿੰਦਾ ਸੀ। ਕੰਮ ਦੀ ਗੁਣਵੱਤਾ ਤੇ ਗਿਣਤੀ ਬਾਰੇ ਅਲੀ ਨੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਹ ਸਾਰੇ ਅਦਾਕਾਰਾਂ ਲਈ ਇੱਕ ਸੁਆਲ ਹੈ। ਅਸੀਂ ਸਾਰੇ ਕੰਮ ਦੀ ਗੁਣਵੱਤਾ ਵੱਲ ਦੇਖਦੇ ਹਾਂ, ਜੇ ਗੁਣਵੱਤਾ ਨਾਲ ਕੰਮ ਦੀ ਮਾਤਰਾ ਵੀ ਆਉਂਦੀ ਹੈ ਤਾਂ ਇਹ ਸਭ ਤੋਂ ਬਿਹਤਰ ਗੱਲ ਹੈ। ਅਲੀ ਨੇ ਕਿਹਾ ਜੇ ਇਹ ਸਵਾਲ ਮੇਰੇ ਤੋਂ ਇੱਕ ਸਾਲ ਪਹਿਲਾਂ ਪੁੱਛਿਆ ਜਾਂਦਾ ਤਾਂ ਮੈਂ ਮਾਤਰਾ ਆਖਦਾ’’। ਅਦਾਕਾਰ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਕਿਤੇ ਨਾ ਕਿਤੇ ਕੁਝ ਬਦਲਾਅ ਹੋਇਆ ਹੈ, ਜੋ ਕਿ ਗੁਣਵੱਤਾ ਬਾਰੇ ਹੈ।’ਜ਼ਿਕਰਯੋਗ ਹੈ ਕਿ ਅਲੀ ਫ਼ਜ਼ਲ ਨੇ ਬੌਲੀਵੁੱਡ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ 2009 ਵਿੱਚ ਫਿਲਮ ‘3 ਇਡੀਅਟ’ ਰਾਹੀਂ ਕੀਤੀ ਸੀ। ਇਸ ਮਗਰੋਂ ਉਹ ‘ਆਲਵੇਜ਼ ਕਭੀ ਕਭੀ’ ਵਿੱਚ ਨਜ਼ਰ ਆਇਆ। ਉਸ ਦੇ ਸਫ਼ਰ ਦੀ ਸਫ਼ਲ ਸ਼ੁਰੂਆਤ ‘ਫੁਕਰੇ’, ‘ਵਿਕਟੋਰੀਆ ਤੇ ਅਬਦੁਲ’ ਅਤੇ ਵੈੱਬ ਲੜੀ ‘ਮਿਰਜ਼ਾਪੁਰ’ ਤੋਂ ਹੋਈ।