ਓਟਵਾ, 18: ਸਾਬਕਾ ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰ ਤੇ ਪਾਰਟੀ ਦੇ ਲੰਮੇਂ ਸਮੇਂ ਤੱਕ ਦਿੱਗਜ ਆਗੂ ਰਹੇ ਪੀਟਰ ਮੈਕੇਅ ਇਸ ਹਫਤੇ ਪਾਰਟੀ ਦੇ ਪਾਲਿਸੀ ਇਜਲਾਸ ਵਿੱਚ ਹਿੱਸਾ ਨਹੀਂ ਲੈਣਗੇ।
ਇਸ ਗੈਰਹਾਜ਼ਰੀ ਲਈ ਮੈਕੇਅ ਵੱਲੋਂ ਕੰਮ ਤੇ ਪਰਿਵਾਰਕ ਕਾਰਨਾਂ ਨੂੰ ਜਿ਼ੰਮੇਵਾਰ ਠਹਿਰਾਇਆ ਜਾ ਰਿਹਾ ਹੈ।ਉਨ੍ਹਾਂ ਇੱਕ ਬਿਆਨ ਵਿੱਚ ਆਖਿਆ ਕਿ ਇਸ ਸਮੇਂ ਉਨ੍ਹਾਂ ਦਾ ਸਾਰਾ ਧਿਆਨ ਆਪਣੇ ਪਰਿਵਾਰ ਤੇ ਲਾਅ ਦੀ ਪ੍ਰੈਕਟਿਸ ਉੱਤੇ ਟਿਕਿਆ ਹੋਇਆ ਹੈ। ਇਹ ਕਿਆਫੇ ਵੀ ਲਾਏ ਜਾ ਰਹੇ ਹਨ ਕਿ ਇਸ ਇਜਲਾਸ ਵਿੱਚ ਹਿੱਸਾ ਨਾ ਲੈਣ ਦਾ ਮੁੱਖ ਕਾਰਨ ਪਿਛਲੇ ਸਾਲ ਲੀਡਰਸਿ਼ਪ ਦੌੜ ਵਿੱਚ ਓਟੂਲ ਤੋਂ ਮਿਲੀ ਹਾਰ ਵੀ ਹੋ ਸਕਦਾ ਹੈ।
ਲੀਡਰਸਿ਼ਪ ਦੀ ਇਸ ਜੰਗ ਨੇ ਦੋਵਾਂ ਆਗੂਆਂ ਵਿੱਚ ਹੀ ਨਹੀਂ ਸਗੋਂ ਪਾਰਟੀ ਦੇ ਕਈ ਧੜਿਆਂ ਵਿੱਚ ਪਾੜਾ ਪਾ ਦਿੱਤਾ ਸੀ ਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਪਾੜਾ ਅਜੇ ਵੀ ਪੂਰੀ ਤਰ੍ਹਾਂ ਮਿਟ ਨਹੀਂ ਸਕਿਆ ਹੈ।ਖਤਰਾ ਇੱਥੋਂ ਤੱਕ ਹੈ ਕਿ ਇਸ ਹਫਤੇ ਦੇ ਅੰਤ ਵਿੱਚ ਹੋਣ ਵਾਲੇ ਈਵੈਂਟ ਵਿੱਚ ਵੀ ਇਹ ਜ਼ਾਹਿਰ ਹੋ ਸਕਦਾ ਹੈ।ਉਸ ਦਿਨ ਤੋਂ ਲੈ ਕੇ ਅੱਜ ਤੱਕ ਦੋਵਾਂ ਆਗੂਆਂ ਨੇ ਇੱਕ ਦੂਜੇ ਨਾਲ ਮਸ੍ਹਾਂ ਹੀ ਕੋਈ ਗੱਲ ਸਾਂਝੀ ਕੀਤੀ ਹੈ।  
ਇਸ ਇਜਲਾਸ ਵਿੱਚ ਮੈਕੇਅ ਦੀ ਹਾਜ਼ਰੀ ਕਿੰਨੀ ਕੁ ਇੱਕਜੁੱਟਤਾ ਪੈਦਾ ਕਰਦੀ ਹੈ ਜਾਂ ਕਿੰਨਾ ਕੁ ਵੱਖਰੇਵਾਂ ਪੈਦਾ ਕਰਦੀ ਹੈ ਇਸ ਬਾਰੇ ਹਾਲ ਦੀ ਘੜੀ ਸਪਸ਼ਟ ਤੌਰ ਉੱਤੇ ਕੁੱਝ ਨਹੀਂ ਆਖਿਆ ਜਾ ਸਕਦਾ।ਪਰ ਇਸ ਸੱਭ ਦੇ ਬਾਵਜੂਦ ਪਿੱਛੇ ਜਿਹੇ ਓਟੂਲ ਨੇ ਇਹ ਤਹੱਈਆ ਪ੍ਰਗਟਾਇਆ ਸੀ ਕਿ ਇਸ ਇਜਲਾਸ ਨਾਲ ਪਾਰਟੀ ਦੀ ਇੱਕਜੁੱਟਤਾ ਸਾਫ ਹੋ ਜਾਵੇਗੀ ਤੇ ਕੰਜ਼ਰਵੇਟਿਵ ਪਾਰਟੀ ਸੇਧ ਦੇਣ ਲਈ ਤਿਆਰ ਹੋਵੇਗੀ।