ਓਟਵਾ, 16 ਦਸੰਬਰ : ਕੰਜ਼ਰਵੇਟਿਵ ਐਮਪੀਜ਼ ਨੂੰ ਛੁੱਟੀਆਂ ਵਿੱਚ ਕੌਮਾਂਤਰੀ ਪੱਧਰ ਉੱਤੇ ਕਿਤੇ ਵੀ ਟਰੈਵਲ ਕਰਨ ਦੀ ਖੁੱਲ੍ਹ ਹੋਵੇਗੀ ਜਦਕਿ ਲਿਬਰਲ ਤੇ ਐਨਡੀਪੀ ਐਮਪੀਜ਼ ਨੂੰ ਦੇਸ਼ ਵਿੱਚ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਪਿਛਲੇ ਸਾਲ ਵੱਖ ਵੱਖ ਵੈਕੇਸ਼ਨ ਡੈਸਟੀਨੇਸ਼ਨ ਉੱਤੇ ਗਏ ਸਿਆਸਤਦਾਨਾਂ ਨੇ ਲੋਕਾਂ ਦਾ ਕਾਫੀ ਧਿਆਨ ਖਿੱਚਿਆ ਸੀ ਕਿਉਂਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਕੈਨੇਡੀਅਨਜ਼ ਨੂੰ ਟਰੈਵਲ ਕਰਨ ਤੇ ਇੱਕਠ ਵਿੱਚ ਜਾਣ ਤੋਂ ਮਨ੍ਹਾਂ ਕੀਤਾ ਸੀ। ਬੁੱਧਵਾਰ ਨੂੰ ਵੀ ਫੈਡਰਲ ਲਿਬਰਲ ਸਰਕਾਰ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਜਿਸ ਵਿੱਚ ਕੈਨੇਡੀਅਨਜ਼ ਨੂੰ ਓਮਾਈਕ੍ਰੌਨ ਵੇਰੀਐਂਟ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਕਾਰਨ ਗੈਰ ਜ਼ਰੂਰੀ ਇੰਟਰਨੈਸ਼ਨਲ ਟਰੈਵਲ ਨਾ ਕਰਨ ਲਈ ਆਖਿਆ ਗਿਆ।
ਲਿਬਰਲ ਹਾਊਸ ਲੀਡਰ ਮਾਰਕ ਹਾਲੈਂਡ ਨੇ ਆਖਿਆ ਕਿ ਜਨਵਰੀ ਵਿੱਚ ਉਨ੍ਹਾਂ ਵੱਲੋਂ ਆਪਣੇ ਕਿਸੇ ਪਰਿਵਾਰਕ ਮੈਂਬਰ ਦਾ 70ਵਾਂ ਜਨਮਦਿਨ ਮਨਾਉਣ ਲਈ ਇੰਟਰਨੈਸ਼ਨਲ ਟਰਿੱਪ ਕਰਨਾ ਸੀ ਪਰ ਹੁਣ ਉਨ੍ਹਾਂ ਇਹ ਟਰਿੱਪ ਰੱਦ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਹੁਣ ਉਹ ਕ੍ਰਿਸਮਸ ਇੱਕਠ ਵੀ 20 ਲੋਕਾਂ ਦਾ ਹੀ ਕਰਨਗੇ। ਐਨਡੀਪੀ ਵ੍ਹਿਪ ਰੇਚਲ ਬਲੇਨੀ ਨੇ ਆਖਿਆ ਕਿ ਉਨ੍ਹਾਂ ਦੇ ਕਾਕਸ ਨੂੰ ਵੀ ਇਹੋ ਸਲਾਹ ਦਿੱਤੀ ਗਈ ਹੈ ਕਿ ਉਹ ਗੈਰ ਜ਼ਰੂਰੀ ਇੰਟਰਨੈਸ਼ਨਲ ਟਰੈਵਲ ਤੋਂ ਬਚਣ। ਉਨ੍ਹਾਂ ਆਖਿਆ ਕਿ ਕੈਨੇਡੀਅਨਜ਼ ਉਮੀਦ ਕਰਦੇ ਹਨ ਕਿ ਉਨ੍ਹਾਂ ਵੱਲੋਂ ਚੁਣੇ ਗਏ ਆਗੂ ਨਿਯਮਾਂ ਦੀ ਪਾਲਣਾ ਦੇ ਮਾਮਲੇ ਵਿੱਚ ਮਿਸਾਲ ਕਾਇਮ ਕਰਨ।ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਮਹਾਂਮਾਰੀ ਅਜੇ ਮੁੱਕੀ ਨਹੀਂ ਹੈ।
ਪਰ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਦੇ ਆਫਿਸ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਟਰੈਵਲ ਉੱਤੇ ਕੋਈ ਪਾਬੰਦੀ ਨਹੀਂ ਹੈ ਤੇ ਇਹ ਐਡਵਾਈਜ਼ਰੀ ਸਿਰਫ ਉਨ੍ਹਾਂ ਲਈ ਹੈ ਜਿਹੜੇ ਵੈਕਸੀਨੇਸ਼ਨ ਮੁਕੰਮਲ ਕਰਵਾ ਚੁੱਕੇ ਹਨ ਤੇ ਉਨ੍ਹਾਂ ਸਿਰਫ ਆਪਣੇ ਟਰੈਵਲ ਪਲੈਨਜ਼ ਤੋਂ ਪਹਿਲਾਂ ਸਰਕਾਰ ਨੂੰ ਜਾਣੂ ਕਰਵਾਉਣਾ ਹੈ।ਓਟੂਲ ਦੀ ਕਮਿਊਨਿਕੇਸ਼ਨਜ਼ ਡਾਇਰੈਕਟਰ ਜੋਸੀ ਸਬਾਤੀਨੋ ਨੇ ਆਖਿਆ ਕਿ ਕੰਜ਼ਰਵੇਟਿਵ ਕਾਕਸ ਦੇ ਮੈਂਬਰ ਇੰਟਰਨੈਸ਼ਨਲ ਪੱਧਰ ਉੱਤੇ ਟਰੈਵਲ ਕਰ ਸਕਦੇ ਹਨ।