ਓਟਵਾ, 24 ਮਾਰਚ  : ਫੈਡਰਲ ਕੰਜ਼ਰਵੇਟਿਵਜ਼ ਤੇ ਪਾਰਟੀ ਆਗੂ ਐਰਿਨ ਓਟੂਲ ਵੱਲੋਂ ਹਾਊਸ ਆਫ ਕਾਮਨਜ਼ ਵਿੱਚ ਓਪੋਜਿ਼ਸ਼ਨ ਡੇਅ ਦੀ ਵਰਤੋਂ ਕਰਕੇ ਟਰੂਡੋ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹ ਦੱਸਿਆ ਜਾਵੇ ਕਿ ਕੋਵਿਡ-19 ਲਾਕਡਾਊਨ ਕਦੋਂ ਖੋਲ੍ਹਿਆ ਜਾਵੇਗਾ।
ਓਟੂਲ ਵੱਲੋਂ ਇੱਕ ਮਤਾ ਪੇਸ਼ ਕਰਕੇ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ ਕੋਵਿਡ-19 ਸਬੰਧੀ ਪਾਬੰਦੀਆਂ ਜਦੋਂ ਖਤਮ ਹੋਣਗੀਆਂ ਉਸ ਸਬੰਧ ਵਿੱਚ ਖਰੜਾ ਤੇ ਸਮਾਂ ਸੀਮਾਂ ਸਪਸ਼ਟ ਕੀਤੀ ਜਾਵੇ।ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਓਟੂਲ ਨੇ ਆਖਿਆ ਕਿ ਅਮਰੀਕਾ ਤੇ ਯੂਕੇ ਨੇ ਆਪੋ ਆਪਣੀਆਂ ਯੋਜਨਾਵਾਂ ਪੇਸ਼ ਕਰ ਦਿੱਤੀਆਂ ਹਨ। ਪਰ ਜਸਟਿਨ ਟਰੂਡੋ ਨੇ ਕੈਨੇਡੀਅਨਾਂ ਨੂੰ ਇਹ ਸਪਸ਼ਟ ਤਸਵੀਰ ਵਿਖਾਉਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਰੈਗੂਲਰ ਤੇ ਸੋਸ਼ਲ ਲਾਈਫ ਕਦੋਂ ਤੇ ਕਿਵੇਂ ਸ਼ੁਰੂ ਹੋਵੇਗੀ ਤੇ ਇਸ ਲਈ ਕਿਹੋ ਜਿਹੇ ਹਾਲਾਤ ਹੋਣਗੇ।
ਹਾਲਾਂਕਿ ਓਟੂਲ ਵੱਲੋਂ ਨੈਸ਼ਨਲ ਲਾਕਡਾਊ ਪਲੈਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਸਲ ਵਿੱਚ ਪਾਬੰਦੀਆਂ ਨੁੂੰ ਵਧਾਉਣਾ ਜਾਂ ਘਟਾਉਣਾ ਪ੍ਰੋਵਿੰਸ਼ੀਅਲ ਸਰਕਾਰ ਦੇ ਹੱਥ ਵਿੱਚ ਹੈ। ਓਟੂਲ ਨੇ ਆਖਿਆ ਕਿ ਲਾਕਡਾਊਨ ਹਟਾਉਣ ਤੇ ਕੈਨੇਡੀਅਨ ਤੇ ਅਮੈਰੀਕਨ ਸਰਹੱਦ ਨੂੰ ਮੁੜ ਖੋਲ੍ਹਣ ਲਈ ਤੇਜ਼ੀ ਨਾਲ ਟੈਸਟਿੰਗ ਹੀ ਅਸਲ ਪਲੈਨ ਹੈ।