ਮੁੰਬਈ – ਬਾਲੀਵੁੱਡ ਅਦਾਕਾਰਾ ਕੰਗਨਾ ਰਾਣੌਤ ਇਕ ਵਾਰ ਮੁੜ ਸੁਰਖੀਆਂ ‘ਚ ਆ ਗਈ ਹੈ। ਇਸ ਵਾਰ ਬਾਲੀਵੁੱਡ ਦੇ ਫ਼ਿਲਮ ਲੇਖਕ ਜਾਵੇਦ ਅਖ਼ਤਰ ਨੇ ਕੰਗਨਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨਾਲ ਰਿਸ਼ਤਿਆਂ ਦੀ ਗੱਲ ਕਰਦੇ ਹੋਏ ਕੰਗਨਾ ਨੇ ਪਿੰਕਵਿਲਾ ਨੂੰ ਕਿਹਾ ਸੀ, ”ਜਾਵੇਦ ਅਖ਼ਤਰ ਨੇ ਮੈਨੂੰ ਆਪਣੇ ਘਰ ਸੱਦਿਆ ਸੀ ਅਤੇ ਕਿਹਾ ਸੀ ਕਿ ਰਾਕੇਸ਼ ਰੋਸ਼ਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੱਡੇ ਆਦਮੀ ਹਨ। ਜੇ ਤੁਸੀਂ ਉਨ੍ਹਾਂ ਕੋਲੋਂ ਮੁਆਫ਼ੀ ਨਾ ਮੰਗੀ ਤਾਂ ਤੁਸੀਂ ਕਿਤੇ ਵੀ ਨਹੀਂ ਜਾ ਸਕੋਗੇ। ਉਹ ਤੁਹਾਨੂੰ ਜੇਲ ‘ਚ ਸੁੱਟਵਾ ਦੇਣਗੇ ਅਤੇ ਤੁਹਾਡੇ ਕੋਲ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਤੋਂ ਬਿਨਾ ਹੋਰ ਕਈ ਬਦਲ ਨਹੀਂ ਹੋਵੇਗਾ। ਤੁਸੀਂ ਖ਼ੁਦਕੁਸ਼ੀ ਤੱਕ ਕਰਨ ਬਾਰੇ ਸੋਚ ਸਕਦੇ ਹੋ।”

 

ਕੰਗਨਾ ਨੇ ਕਿਹਾ ਕਿ ਇਹ ਸਭ ਗੱਲਾਂ ਉਨ੍ਹਾਂ ਮੈਨੂੰ ਕਹੀਆਂ। ਉਨ੍ਹਾਂ ਅਜਿਹਾ ਕਿਉਂ ਸੋਚਿਆ ਕਿ ਜੇ ਮੈਂ ਰਿਤਿਕ ਰੋਸ਼ਨ ਕੋਲੋਂ ਮੁਆਫ਼ੀ ਨਹੀਂ ਮੰਗਦੀ ਹਾਂ ਤਾਂ ਮੈਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਵੇਗਾ? ਉਹ ਮੇਰੇ ਨਾਲ ਗੁੱਸੇ ਹੋਏ। ਮੈਂ ਉਨ੍ਹਾਂ ਘਰ ਬੈਠੇ ਹੋਈ ਕੰਬ ਰਹੀ ਸੀ। ਸਪਾਟ ਬੁਆਏ ਮੁਤਾਬਕ ਜਾਵੇਦ ਸਾਹਿਬ ਬਹੁਤ ਸਹਿਨਸ਼ੀਲਤਾ ਰੱਖਣ ਵਾਲੇ ਹਨ ਪਰ ਇਹ ਸਭ ਗੱਲਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਸਨ। ਇਸ ਵਿਰੁੱਧ ਐਕਸ਼ਨ ਲੈਣਾ ਜ਼ਰੂਰੀ ਹੋ ਗਿਆ ਸੀ। ਜਾਵੇਦ ਸਾਹਿਬ ਨੇ ਕੰਗਨਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।

ਕੰਗਨਾ ਅਤੇ ਰੰਗੋਲੀ ਨੂੰ ਪੁਲਸ ਨੇ ਭੇਜਿਆ ਦੂਜਾ ਨੋਟਿਸ
ਮੁੰਬਈ ਪੁਲਸ ਨੇ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਨੂੰ ਆਪਣੀਆਂ ਟਿੱਪਣੀਆਂ ਰਾਹੀਂ ਵੱਖ-ਵੱਖ ਭਾਈਚਾਰੇ ਦੇ ਲੋਕਾਂ ਦਰਮਿਆਨ ਨਫਰਤ ਫੈਲਾਉਣ ਦੇ ਮਾਮਲੇ ’ਚ ਬਿਆਨ ਦਰਜ ਕਰਵਾਉਣ ਲਈ ਦੂਜਾ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਪਹਿਲਾ ਨੋਟਿਸ ਜਾਰੀ ਕੀਤਾ ਗਿਆ ਸੀ। ਕੰਗਨਾ ਦੇ ਵਕੀਲ ਨੇ ਨੋਟਿਸ ਦਾ ਜਵਾਬ ਭੇਜਿਆ ਸੀ ਅਤੇ ਕਿਹਾ ਸੀ ਕਿ ਕੰਗਨਾ ਇਸ ਸਮੇਂ ਹਿਮਾਚਲ ਪ੍ਰਦੇਸ਼ ’ਚ ਹੈ ਅਤੇ ਆਪਣੇ ਚਚੇਰੇ ਭਰਾ ਦੇ ਵਿਆਹ ਦੀਆਂ ਤਿਆਰੀਆਂ ’ਚ ਰੁੱਝੀ ਹੋਈ ਹੈ। ਬਾਂਦਰਾ ਪੁਲਸ ਨੇ ਹੁਣ ਦੋਹਾਂ ਭੈਣਾਂ ਨੂੰ 10 ਨਵੰਬਰ ਨੂੰ ਥਾਣੇ ’ਚ ਮੌਜੂਦ ਰਹਿਣ ਲਈ ਦੂਜਾ ਨੋਟਿਸ ਭੇਜਿਆ ਹੈ।