ਦੁਬਈ, 23 ਸਤੰਬਰ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਇੱਥੇ ਕਿਹਾ ਕਿ 5 ਅਕਤੂਬਰ ਤੋਂ ਭਾਰਤ ਵਿੱਚ ਸ਼ੁਰੂ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦੀ ਜੇਤੂ ਟੀਮ ਨੂੰ 40 ਲੱਖ ਡਾਲਰ (ਲਗਪਗ 33.17 ਕਰੋੜ ਰੁਪਏ) ਜਦਕਿ ਉਪ ਜੇਤੂ ਨੂੰ 20 ਲੱਖ ਡਾਲਰ (ਲਗਪਗ 16.58 ਰੁਪਏ) ਦਾ ਇਨਾਮ ਮਿਲੇਗਾ। ਇਸੇ ਤਰ੍ਹਾਂ ਸੈਮੀਫਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀਆਂ ਦੋਵਾਂ ਟੀਮਾਂ ਨੂੰ ਅੱਠ-ਅੱਠ ਲੱਖ ਡਾਲਰ (ਲਗਪਗ 6.63 ਕਰੋੜ ਰੁਪਏ) ਮਿਲਣਗੇ। ਨਾਕਆਊਟ ਗੇੜ ਵਿੱਚ ਪਹੁੰਚਣ ’ਚ ਨਾਕਾਮ ਰਹਿਣ ਵਾਲੀਆਂ ਛੇ ਟੀਮਾਂ ਨੂੰ ਇੱਕ-ਇੱਕ ਲੱਖ ਡਾਲਰ (ਲਗਪਗ 82 ਲੱਖ ਰੁਪਏ) ਮਿਲਣਗੇ ਜਦਕਿ ਗਰੁੱਪ ਗੇੜ ਦੇ ਮੈਚਾਂ ਦੇ ਜੇਤੂਆਂ ਨੂੰ 40-40 ਹਜ਼ਾਰ ਡਾਲਰ (ਲਗਪਗ 33.17 ਲੱਖ ਰੁਪਏ) ਦਾ ਇਨਾਮ ਮਿਲੇਗਾ। ਆਈਸੀਸੀ ਵੱਲੋਂ ਇਸ ਟੂਰਨਾਮੈਂਟ ਦੌਰਾਨ ਜੇਤੂ ਟੀਮਾਂ ਲਈ ਇਨਾਮਾਂ ’ਤੇ ਇਕ ਕਰੋੜ ਡਾਲਰ (ਲਗਪਗ 82.93 ਕਰੋੜ ਰੁਪਏ) ਖਰਚ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡੇ ਜਾਣ ਵਾਲੇ ਵਿਸ਼ਵ ਕੱਪ ਵਿੱਚ 45 ਲੀਗ ਮੈਚ ਅਤੇ ਤਿੰਨ ਨਾਕਆਊਟ ਮੈਚ ਹੋਣਗੇ। ਪੁਰਸ਼ਾਂ ਦੇ ਇਸ 13ਵੇਂ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈਣਗੀਆਂ, ਜਿਸ ਵਿੱਚ ਭਾਰਤ, ਅਫਗਾਨਿਸਤਾਨ, ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਦੱਖਣੀ ਅਫਰੀਕਾ, ਸ੍ਰੀਲੰਕਾ ਅਤੇ ਨੈਦਰਲੈਂਡਜ਼ ਸ਼ਾਮਲ ਹਨ।