ਵੜੋਦਰਾ, ਫੱਟੜ ਸਮ੍ਰਿਤੀ ਮੰਧਾਨਾ ਦੀ ਗ਼ੈਰ ਮੌਜੂਦਗੀ ਵਿਚ ਆਪਣੇ ਪਹਿਲੇ ਹੀ ਮੈਚ ਵਿਚ ਛਾਪ ਛੱਡਣ ਵਾਲੀ ਪ੍ਰਿਆ ਪੂਨੀਆ ਦੀ ਪਾਰੀ ਤੇ ਆਪਣੇ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੇ ਦੱਖਣੀ ਅਫ਼ਰੀਕਾ ’ਤੇ ਪਹਿਲੇ ਇਕ ਰੋਜ਼ਾ ਕ੍ਰਿਕਟ ਮੈਚ ਵਿਚ ਅੱਠ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 45.1 ਓਵਰਾਂ ਵਿਚ 164 ਦੌੜਾਂ ਬਣਾਈਆਂ। ਭਾਰਤ ਦੇ ਲਈ ਝੂਲਨ ਗੋਸਵਾਮੀ ਨੇ 33 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਸ਼ਿਖਾ ਪਾਂਡੇ, ਏਕਤਾ ਬਿਸ਼ਟ ਤੇ ਪੂਨਮ ਯਾਦਵ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਸਲਾਮੀ ਬੱਲੇਬਾਜ਼ ਪੂਨੀਆ ਨੇ 124 ਗੇਂਦਾਂ ਵਿਚ ਨਾਬਾਦ 75 ਦੌੜਾਂ ਬਣਾਈਆਂ ਜਦਕਿ ਜੈਮੀਮਾ ਰੌਡਰਿਗਜ਼ ਨੇ 65 ਗੇਂਦਾਂ ਵਿਚ 55 ਦੌੜਾਂ ਦੀ ਪਾਰੀ ਖੇਡੀ। ਤਿੰਨ ਮੈਚਾਂ ਦੀ ਇਹ ਲੜੀ ਮਹਿਲਾ ਇਕ ਰੋਜ਼ਾ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੈ। ਤਿੰਨ ਟੀ20 ਮੈਚ ਖੇਡ ਚੁੱਕੀ ਪੂਨੀਆ ਨੂੰ ਪਹਿਲਾ ਇਕ ਰੋਜ਼ਾ ਖੇਡਣ ਦਾ ਮੌਕਾ ਉਸ ਵੇਲੇ ਮਿਲਿਆ ਹੈ ਜਦ ਸਲਾਮੀ ਬੱਲੇਬਾਜ਼ ਮੰਧਾਨਾ ਦੇ ਸੱਟ ਲੱਗੀ ਹੋਈ ਹੈ ਤੇ ਉਹ ਟੀਮ ਤੋਂ ਬਾਹਰ ਹੈ। ਪੂਨੀਆ ਨੇ ਆਪਣੀ ਪਾਰੀ ਦੌਰਾਨ 8 ਚੌਕੇ ਲਾਏ। ਰੌਡਰਿਗਜ਼ ਨੇ ਪੂਨੀਆ ਦੇ ਨਾਲ 83 ਦੌੜਾਂ ਦੀ ਭਾਈਵਾਲੀ ਕੀਤੀ। ਆਪਣੇ ਦੂਜੇ ਅਰਧ ਸੈਂਕੜੇ ਵਿਚ ਉਨ੍ਹਾਂ ਸੱਤ ਚੌਕੇ ਲਾਏ। ਦੱਖਣੀ ਅਫ਼ਰੀਕਾ ਦਾ ਸਕੋਰ ਇਕ ਸਮੇਂ ਤਿੰਨ ਵਿਕਟਾਂ ’ਤੇ 89 ਦੌੜਾਂ ਸੀ ਜੋ ਮਗਰੋਂ ਸੱਤ ਵਿਕਟਾਂ ’ਤੇ 115 ਹੋ ਗਿਆ। ਟੀਮ ਲਈ ਮਰਿਜਾਨੇ ਕੌਪ ਨੇ 54 ਦੌੜਾਂ ਬਣਾਈਆਂ।