ਭੁਬਨੇਸ਼ਵਰ, 4 ਦਸੰਬਰ
ਯੂਥ ਓਲੰਪਿਕ ਵਿੱਚ ਫਾਈਵ ਏ ਸਾਈਡ ਚੌਖਟੇ ਦੀ ਸਫਲਤਾ ਤੋਂ ਉਤਸ਼ਾਹਿਤ ਕੌਮਾਂਤਰੀ ਹਾਕੀ ਫੈਡਰੇਸ਼ਨ (ਐਫਆਈਐਚ) ਅਗਲੇ ਸਾਲ ਇਸ ਨੂੰ ਵੱਡੇ ਪੱਧਰ ’ਤੇ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਦੂਜੇ ਪਾਸੇ ਰਿੱਕ ਚਾਰਲਸਵਰਥ ਵਰਗੇ ਮਾਹਿਰ ਕੋਚਾਂ ਦਾ ਮੰਨਣਾ ਹੈ ਕਿ ਹਾਕੀ ਨੂੰ ਕ੍ਰਿਕਟ ਵਾਂਗ ਸੁੰਘੇੜਨ ਦੀ ਲੋੜ ਨਹੀਂ। ਐਫਆਈਐਚ ਅਗਲੇ ਸਾਲ ਹਾਕੀ ਫਾਈਵ ਦਾ ਨੁਮਾਇਸ਼ੀ ਟੂਰਨਾਮੈਂਟ ਸ਼ੁਰੂ ਕਰਨ ਬਾਰੇ ਸੋਚ ਰਿਹਾ ਹੈ, ਪਰ ਉਸ ਨੇ ਇਹ ਵੀ ਕਿਹਾ ਕਿ ਓਲੰਪਿਕ ਵਿੱਚ 11 ਖਿਡਾਰੀਆਂ ਵਾਲੀ ਟੀਮ ਦੇ ਚੌਖਟੇ ਦੀ ਥਾਂ ਇਸ ਨੂੰ ਨਹੀਂ ਦਿੱਤੀ ਜਾਵੇਗੀ।
ਚਾਰਲਸਵਰਥ ਨੇ ਕਿਹਾ, ‘‘ਕਈ ਫ਼ੈਸਲੇ ਪੈਸੇ ਕਮਾਉਣ ਕਾਰਨ ਲਏ ਜਾ ਰਹੇ ਹਨ, ਜੋ ਮੰਦਭਾਗਾ ਹੈ। ਮੈਨੂੰ ਚਿੰਤਾ ਹੋ ਰਹੀ ਹੈ ਕਿ ਕੁੱਝ ਫ਼ੈਸਲੇ ਹੁਣ ਖੇਡ ਲਈ ਨਹੀਂ, ਸਗੋਂ ਸਪਾਂਸਰਾਂ ਨੂੰ ਧਿਆਨ ਵਿੱਚ ਰੱਖ ਕੇ ਲਏ ਜਾ ਰਹੇ ਹਨ, ਜੋ ਕਾਫੀ ਖ਼ਤਰਨਾਕ ਹੈ।’’ ਉਸ ਨੇ ਕਿਹਾ ਕਿ ਕਾਰੋਬਾਰ ’ਤੇ ਜ਼ਿਆਦਾ ਧਿਆਨ ਦੇਣ ਕਾਰਨ ਦਰਸ਼ਕ ਖੇਡ ਨਾਲੋਂ ਟੁੱਟ ਜਾਣਗੇ।
ਉਸ ਨੇ ਕਿਹਾ, ‘‘ਤੁਹਾਨੂੰ ਪੈਸਾ ਚਾਹੀਦਾ ਹੈ, ਪਰ ਦਰਸ਼ਕਾਂ ਤੋਂ ਇਲਾਵਾ ਖਿਡਾਰੀ ਵੀ ਚਾਹੀਦੇ ਹਨ। ਪੈਸੇ ਨੂੰ ਵੱਧ ਅਹਿਮੀਅਤ ਦੇਣਾ ਸਹੀ ਨਹੀਂ ਹੈ।’’ ਨਿਊਜ਼ੀਲੈਂਡ ਦੇ ਕੋਚ ਸ਼ੇਨ ਮੈਕਲੌਡ ਨੇ ਕਿਹਾ ਕਿ ਇਹ ਬਦਲਾਅ ਸਮੇਂ ਦੀ ਲੋੜ ਹੈ, ਪਰ ਹਾਕੀ ਫਾਈਵ ਨੂੰ ਰਿਵਾਇਤੀ ਚੌਖਟੇ ’ਤੇ ਭਾਰੂ ਨਹੀਂ ਪੈਣ ਦੇਣਾ ਚਾਹੀਦਾ। ਉਸ ਨੇ ਕਿਹਾ, ‘‘ਖੇਡ ਵਿੱਚ ਨਵੀਂ ਪਹਿਲ ਹੋਣਾ ਚੰਗਾ ਹੈ। ਕੁਆਰਟਰ ਪ੍ਰਣਾਲੀ ਨਾਲ ਬਹੁਤ ਜ਼ਿਆਦਾ ਫ਼ਰਕ ਨਹੀਂ ਪੈਂਦਾ। ਹਾਕੀ ਫਾਈਵ ਦੀ ਵਰਤੋਂ ਵੀ ਚੰਗੀ ਹੈ, ਪਰ ਰਿਵਾਇਤੀ ਚੌਖਟੇ ਤੋਂ ਬਿਹਤਰ ਨਹੀਂ।’