ਵਾਰਸੇਸਟ, 26 ਜੁਲਾਈ
ਕਪਤਾਨ ਪ੍ਰਿਯਮ ਗਰਗ ਦੇ 97 ਗੇਂਦਾਂ ’ਤੇ ਲਗਾਏ ਸੈਂਕੜੇ ਦੀ ਮਦਦ ਨਾਲ ਭਾਰਤ ਦੀ ਅੰਡਰ 19 ਟੀਮ ਨੇ ਬੰਗਲਾਦੇਸ਼ ਅੰਡਰ 19 ਨੂੰ ਇਕ ਦਿਨਾ ਕਿ੍ਕਟ ਲੜੀ ਵਿੱਚ 35 ਦੌੜਾਂ ਨਾਲ ਹਰਾ ਕੇ ਦੂਜੀ ਜਿੱਤ ਦਰਜ ਕੀਤੀ ਹੈ। ਗਰਗ 100 ਦੌੜਾਂ ਬਣਾ ਕੇ ਨਾਟ ਆਊਟ ਰਹੇ ਜਿਸ ਵਿੱਚ ਸੱਤ ਚੌਕੇ ਅਤੇ ਚਾਰ ਛੱਕੇ ਸ਼ਾਮਲ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ’ਤੇ 265 ਦੌੜਾਂ ਬਣਾਈਆਂ।
ਗਰਗ ਤੋਂ ਇਲਾਵਾ ਬੱਲੇਬਾਜ਼ ਯਸ਼ੱਸਵੀ ਜੈਸਵਾਲ ਨੇ 90 ਗੇਂਦਾਂ ’ਤੇ 63 ਦੌੜਾਂ ਬਣਾਈਆਂ। ਤਿਲਕ ਵਰਮਾ ਨੇ 23 ਅਤੇ ਪ੍ਰਗਿਆਨੇਸ਼ ਕਪਿਲੇਸ਼ਵਰ ਨੇ ਵੀ 23 ਦੌੜਾਂ ਦੀ ਪਾਰੀ ਖੇਡੀ। ਧਰੁਵ ਜੁਰੇਲ ਨੇ 34 ਦੌੜਾਂ ਬਣਾਈਆਂ। ਬਾਅਦ ਵਿੱਚ ਸਪਿੰੰਨਰ ਸ਼ੁਭਾਂਗ ਹੇਗੜੇ ਨੇ 59 ਦੌੜਾਂ ਦੇ ਕੇ ਤਿੰਨ ਅਤੇ ਮੱਧ ਗਤੀ ਦੇ ਤੇਜ਼ ਗੇਂਦਬਾਜ਼ ਤਿਆਗੀ ਨੇ 16 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
ਬੰਗਲਾਦੇਸ਼ ਦੀ ਅੰਡਰ 19 ਟੀਮ 47.1 ਓਵਰਾਂ ਵਿੱਚ 229 ਦੌੜਾਂ ’ਤੇ ਆਊਟ ਹੋ ਗਈ। ਕਪਤਾਨ ਅਕਬਰ ਅਲੀ ਨੇ 56, ਸ਼ਮੀਮ ਹੁਸੈਨ ਨੇ 46 ਅਤੇ ਸਲਾਮੀ ਬੱਲੇਬਾਜ਼ ਤੰਜੀਦ ਹਸਨ ਨੇ 44 ਦੌੜਾਂ ਬਣਾਈਆਂ।
ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਮੇਜ਼ਬਾਨ ਇੰਗਲੈਂਡ ਅੰਡਰ 19 ਟੀਮ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ। ਅਗਲਾ ਮੈਚ ਸ਼ਨਿਚਰਵਾਰ ਬੰਗਲਾਦੇਸ਼ ਨਾਲ ਹੀ ਖੇਡਣਾ ਹੈ।